ਗੱਡੀ ਸੱਤ ਵਜੇ ਮਾਨਸਾ ਪਹੁੰਚੀ ਅਤੇ ਮੈਂ ਸਵਾ ਸੱਤ ਵਜੇ ਘਰ ਪਹੁੰਚ ਗਿਆ। ਘਰ ਇਕੱਲੀ ਨਾਨੀ ਹੀ ਸੀ ਉਹਦੇ ਪੈਰੀਂ ਹੱਥ ਲਾ ਕੇ ਆਸੇ-ਪਾਸੇ ਓਪਰੀ ਨਿਗਾਹ ਨਾਲ ਵੇਖਦਾ ਰਿਹਾ। ਮੈਨੂੰ ਪੂਰਾ ਯਕੀਨ ਸੀ ਕਿ ਰਾਵੀ ਮੇਰੇ ਚਿਹਰੇ ਦਾ ਉਤਾਰ-ਚੜ੍ਹਾਅ ਵੇਖਣ ਲਈ ਆਸੇ ਪਾਸੇ ਕਿਤੇ ਨਾ ਕਿਤੇ ਜ਼ਰੂਰ ਛੁਪ ਕੇ ਬੈਠੀ ਹੋਵੇਗੀ।ਇਹ ਤਾਂ ਹੋ ਹੀ ਨਹੀਂ ਸਕਦਾ ਕਿ ਮੈਂ ਦਿੱਲੀ ਤੋਂ ਪਰਤਿਆ ਹੋਵਾਂ ਅਤੇ ਰਾਵੀ ਸਾਡੇ ਘਰ ਨਾ ਹੋਵੇ, ਨਹੀਂ-ਇਹ ਕਦੀ ਨਹੀਂ ਹੋ ਸਕਦਾ ।
ਨਾਨੀ ਛੋਟੀਆਂ–ਛੋਟੀਆਂ ਗੱਲਾਂ ਪੁੱਛਦੀ ਰਹੀ ਅਤੇ ਮੈਂ ਆਸੇ ਪਾਸੇ ਜਿਹੇ ਵੇਖਦਾ, ਉਖੜਿਆ -ਉਖੜਿਆ ਜਿਹਾ ਉਹਦੀਆਂ ਗੱਲਾਂ ਦੇ ਉੱਤਰ ਦਿੰਦਾ ਰਿਹਾ ।ਉਸ ਵੇਲੇ ਮੈਨੂੰ ਹੀ ਪਤਾ ਸੀ ਕਿ ਮੈਂ ਆਪਣੀ ਹੀ ਮਿੱਟੀ ਤੇ ਖੜ੍ਹਾ ਕਿੰਨਾ ਬੇਗਾਨਾ ਮਹਿਸੂਸ ਕਰ ਰਿਹਾ ਸੀ।ਦੂਰ–ਨੇੜਿਉ ਸੁਣਦੀਆਂ ਨਾਨੀ ਦੀਆਂ ਗੱਲਾਂ ਦੇ ਹੌਲੀ-ਹੌਲੀ ਉੱਤਰ ਦਿੰਦਾ ਮੈਂ ਕਮਰਿਆਂ ਵਿੱਚ ਤੁਰ-ਫਿਰ ਰਿਹਾ ਸੀ ।ਕਿ ਮਿੰਨੀ ਕਿਧਰੇ ਲੁਕੀ ਬੈਠੀ ਹੀ ਦਿਖਾਈ ਦੇ ਦੇਵੇ ਅਤੇ ਮੈਂ ਉੱਚੀ-ਉੱਚੀ ਹੱਸਦਾ “ਚੋਰ ਉਏ-ਚੋਰ ਉਏ” ਦਾ ਰੌਲਾ ਪਾਉਂਦਾ ਉਹਨੂੰ ਬਾਹਰ ਖਿੱਚ ਲਿਆਵਾਂ ।
ਪਰ ਨਹੀਂ,ਅੰਦਰ ਅਜਿਹਾ ਕੁੱਝ ਨਹੀਂ ਸੀ। ਰਾਵੀ ਤਾਂ ਕੀ, ਅੰਦਰ ਉਹਦਾ ਝਉਲ਼ਾ ਵੀ ਨਹੀਂ ਸੀ। ਹਨੇਰਾ ਹੋ ਗਿਆ। ਮਾਮਾ ਕਿਤੇ ਬਾਹਰ ਗਿਆ ਹੋਇਆ ਸੀ,ਇਹ ਤਾਂ ਮੈਨੂੰ ਨਾਨੀ ਨੇ ਦੱਸਿਆ, ਇਸ ਲਈ ਉਸਨੇ ਦੋਹਾਂ ਦੀ ਰੋਟੀ ਹੀ ਤਿਆਰ ਕੀਤੀ। ਰੋਟੀ ਖਾ ਕੇ ਮੈਂ ਦੋਸਤਾਂ ਨੂੰ ਮਿਲ ਕੇ ਆਉਣ ਦਾ ਬਹਾਨਾ ਲਾ ਕੇ ਘਰੋਂ ਬਾਹਰ ਤੁਰ ਗਿਆ।ਦਰਵਾਜੇ ਤੋਂ ਬਾਹਰ ਹੋਇਆ, ਤਾਂ ਪੈਰ ਮੱਲੋ-ਮੱਲੀ ਉਧਰਲੀ ਦਿਸ਼ਾ ਵੱਲ ਮੁੜ ਗਏ ਜਿਸ ਦਿਸ਼ਾ ਵੱਲ ਹੀ ਮੈਂ ਜਾਣਾ ਸੀ। ਹੈਰਾਨ ਸਾਂ ਕਿ ਪੈਰਾਂ ਨੂੰ ਵੀ ਸਾਡੇ ਮਨ ਦੇ ਰਾਹਾਂ ਦੀ ਪਛਾਣ ਹੁੰਦੀ ਹੈ ।
ਰਾਵੀ ਦੇ ਘਰ ਅੱਗੇ ਆਇਆ ਤਾਂ ਡਿਉਢੀ ਦਾ ਬੂਹਾ ਬੰਦ ਸੀ।ਅੰਦਰੋਂ ਬੰਦ ਸੀ, ਜਾਂ ਉਂਜ ਹੀ ਜੋੜ ਕੇ ਲਾਇਆ ਹੋਇਆ ਸੀ,ਇਸ ਬਾਰੇ ਭਲਾ ਕਿਵੇਂ ਪਤਾ ਲੱਗਦਾ?ਉਂਜ ਗਲੀ ਉਪਰਲੀ ਬੈਠਕ ਦੀ ਲਾਈਟ ਜ਼ਰੂਰ ਜਗ ਰਹੀ ਸੀ। ਖ਼ੈਰ! ਖ਼ਿਆਲ ਆਇਆ ਕਿ ਛੁੱਟੀਆ ਕਰਕੇ ਉਹ ਕਿਸੇ ਰਿਸ਼ਤੇਦਾਰੀ ਵਿੱਚ ਮਿਲ਼ਣ ਚਲੀ ਗਈ ਹੋਵੇਗੀ। ਪਰ ਮੇਰਾ ਖ਼ਤ ਵੀ ਤਾਂ ਆਇਆ ਸੀ । ਮੈਂ ਆਪਣੇ ਸ਼ਹਿਰ ਪਰਤਣਾ ਹੋਵੇ ਅਤੇ ਰਾਵੀ … ਨਹੀਂ,ਇਹ ਨਹੀਂ ਹੋ ਸਕਦਾ । ਪਰ ਉਹ ਮੇਰਾ ਖ਼ਤ ਪਹੁੰਚਣ ਤੋਂ ਪਹਿਲਾਂ ਵੀ ਗਈ ਹੋ ਸਕਦੀ ਹੈ। ਪਰ ਨਾਲ ਹੀ ਯਾਦ ਆਇਆ ਕਿ ਉਦੋਂ ਛੁੱਟੀਆਂ ਨਹੀਂ ਸਨ ।ਇਹ ਸਭ ਕੀ ਹੋ ਰਿਹਾ ਸੀ, ਇਹ ਕੁੱਝ ਸੋਚਦਾ, ਦੋਸਤਾਂ ਨੂੰ ਮਿਲ਼ੇ ਬਿਨਾਂ ਹੀ ਮੈਂ ਘਰ ਪਰਤ ਆਇਆ ।
ਉੱਭਲਚਿੱਤੀ ਜਿਹੀ ਲੱਗੀ ਹੋਈ ਸੀ।ਇਹੋ ਜਿਹੀ ਸਥਿਤੀ ਮਹਿਸੂਸ ਹੋ ਰਹੀ ਸੀ ਕਿ ਖਬਰੇ ਸਵੇਰ ਨੂੰ ਪਾਗਲ ਹੀ ਹੋ ਜਾਵਾਂਗਾ । ਨਾਨੀ ਤੋਂ ਪੁੱਛ ਲੈਣ ਬਾਰੇ ਦਿਮਾਗ ਵਿੱਚ ਆਈ ਤਾਂ ਸੀ ,ਪਰ ਇਹ ਸੋਚਕੇ ਚੁੱਪ ਕਰ ਗਿਆ ਕਿ ਨਾਨੀ ਪਤਾ ਨਹੀਂ ਕੀ ਸੋਚੇਗੀ ।ਹੋਰ ਘਰਦਿਆ ਦੀ ਸੁੱਖ ਨਾ ਸਾਂਦ ,ਆਉਂਦੇ ਨੂੰ ਹੀ ਰਾਵੀ ਦਾ ਫ਼ਿਕਰ ਪੈ ਗਿਆ । ਪਰ ਨਹੀਂ ਨਾਨੀ ਅਜਿਹੀ ਨਹੀਂ।ਉਸਨੂੰ ਪਤਾ ਹੈ ਕਿ ਸਾਡੇ ਅੰਦਰ ਅਜਿਹੀ ਕੋਈ ਗੱਲ ਨਹੀਂ।ਆਪਣੇ ਮੰਜੇ ਉੱਤੇ ਉਵੇਂ ਹੀ ਮੂਧਾ ਪਿਆ ਸਾਂ,ਜਿਵੇਂ ਮੈਨੂੰ ਪੈਣ ਦੀ ਆਦਤ ਹੈ । ਨਾਨੀ ਨੇ ਫਿਰ ਦਿੱਲੀ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਅਤੇ ਮੈਂ ਹੂੰ-ਹਾਂ ਕਰਕੇ ਉਨਾਂ ਦਾ ਜੁਆਬ ਦਿੰਦਾ ਰਿਹਾ।ਵੈਸੇ ਵੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਪੁੱਛ ਰਹੀ ਹੈ। ਗ਼ਲਤ ਜਾਂ ਠੀਕ..।ਮੈਂ ਉਹਦੀ ਸੰਤੁਸ਼ਟੀ ਲਈ ਉੱਤਰ ਦਿੰਦਾ ਸੀ।ਉਸ ਨੇ ਕਿਹੜਾ ਦਿੱਲੀ ਵੇਖੀ ਹੋਈ ਹੈ ਕਿ ਮੇਰਾ ਕੋਈ ਕਸੂਰ ਫੜ ਲਏਗੀ।
ਇਸ ਤਰ੍ਹਾਂ ਗੱਲਾਂ ਕਰਦੀ-ਕਰਦੀ ਨਾਨੀ ਦੇ ਘੁਰਾੜੇ ਮੈਨੂੰ ਸੁਣਨ ਲੱਗ ਪਏ।ਪਰ ਅਜਿਹੀ ਕੋਈ ਗੱਲ ਨਹੀਂ ਸੀ ਕਿ ਉਹ ਮੇਰੀ ਨੀਂਦ ਵਿੱਚ ਵਿਘਨ ਪਾ ਰਹੀ ਸੀ । ਮੈਨੂੰ ਨੀਂਦ ਆ ਕਿੱਥੇ ਆ ਰਹੀ ਸੀ? ਮੈਨੂੰ ਮਿੰਨੀ ਦੇ ਝਾਉਲ਼ੇ ਜਿਹੇ ਹੀ ਦਿਖਾਈ ਦੇ ਰਹੇ ਸਨ।ਜਿਵੇਂ ਉਹ ਹਨੇਰੇ ਵਿੱਚ ਤੁਰੀ ਆਈ ਹੈ ।ਮੇਰੇ ਮੰਜੇ ਦੀ ਬਾਹੀ ਉੱਤੇ ਬੈਠੀ ਹੈ ।ਮੈਂ ਖੜ੍ਹਾ ਹੋ ਗਿਆ ਹਾਂ ਅਤੇ ਮੇਰੀ ਹਿੱਕ ਉੱਤੇ ਸਿਰ ਧਰ ਕੇ ਰੋਣ ਲੱਗ ਪਈ ਹੈ। ਸਮਝ ਨਹੀਂ ਲਗਦੀ ਕਿ ਝਾਉਲ਼ੇ ਵੀ ਕਿਹੋ ਜਿਹੇ ਹਨ ?
ਨਹੀਂ,ਅਜਿਹਾ ਕਦੀ ਨਹੀਂ ਹੋ ਸਕਦਾ।ਕਿਤੇ ਘਰਦਿਆਂ ਦੀ ਆਪਸ ਵਿੱਚ ਕੋਈ ਲੜਾਈ ਹੀ ਨਾਂ ਹੋ ਗਈ ਹੋਵੇ । ਪਰ..ਫਿਰ ਇਹਦੇ ਵਿੱਚ ਰਾਵੀ ਦਾ ਕੀ ਕਸੂਰ? ਉਹਨੂੰ ਤਾਂ ਸਾਡੇ ਘਰ ਆਉਣੋਂ ਵਰਜਿਆ ਨਹੀਂ ਜਾ ਸਕਦਾ ।ਪਰ ਅਸੀਂ ਫਿਰ ਵੀ ਅਜਿਹਾ ਕਰ ਦਿੰਦੇ ਹਾਂ ।ਰਾਵੀ ਆਪ ਵੀ ਤਾਂ ਕੋਈ ਗੱਲ ਮਨ ਤੇ ਲਿਆ ਸਕਦੀ ਹੈ ।ਕੋਈ ਗੱਲ ਹੈ ਤਾਂ ਜ਼ਰੂਰ , ਜੋ ਅਜੇ ਮੇਰੇ ਉਹਲੇ ਤੋਂ ਦੂਰ ਹੈ।
No comments:
Post a Comment