ਹੋਟਲ ਬੰਦ ਹੋਣ ਤੋਂ ਬਾਦ ਸਿੱਧਾ ਆਪਣੇ ਕਮਰੇ ਵਿੱਚ ਆਇਆ ਤਾਂ ਪਾਪਾ ਦੀ ਚਿੱਠੀ ਆਈ ਪਈ ਸੀ। ਪਹਿਲਾਂ ਤਾਂ ਮੈਂ ਘਬਰਾ ਗਿਆ ਪਰ ਖੋਲ੍ਹਣ ਤੋਂ ਬਾਦ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ. . . . ਆਪਣੇ ਹੀ ਸ਼ਹਿਰ ਵਿੱਚ ਮੈਨੂੰ ਬੈਂਕ ਦੀ ਨੌਕਰੀ ਮਿਲ ਗਈ ਸੀ।ਮੈਨੂੰ ਕੁੱਝ ਵੀ ਤਾਂ ਸੁੱਝ ਨਹੀਂ ਰਿਹਾ ਮੈਂ ਕੀ ਕਰਾਂ..? ਖ਼ੁਸ਼ੀ ਵਿੱਚ ਮੈਂ ਇੱਕੋ ਹੀ ਕੰਮ ਕਰ ਸਕਿਆ ਕਿ ਮੈਂ ਸਟੀਰੀਉ ਦਾ ਵੋਲੀਅਮ ਉੱਚਾ ਕਰ ਦਿੱਤਾ। ਹੁਣ ਮੈਂ ਇਹ ਹੋਟਲ ਮੈਨੇਜਰੀ ਛੱਡਕੇ ਆਪਣੇ ਸ਼ਹਿਰ ਪਹੁੰਚ ਜਾਵਾਂਗਾ। ਉਂਝ ਵੀ ਮੇਰਾ ਇਹ ਨੌਕਰੀ ਕਰਨ ਨੂੰ ਦਿਲ ਨਹੀਂ ਸੀ ਕਰਦਾ।. . ਮੈਂ ਤਾਂ ਪਾਪਾ ਜੀ ਦੇ ਬਹੁਤ ਜ਼ਿਆਦਾ ਕਹਿਣ ਉੱਤੇ ਇੱਥੇ ਆ ਗਿਆ ਸੀ ਕਿ ਘਰ ਵਿਹਲੇ ਫਿਰਨ ਨਾਲੋਂ ਤਾਂ ਚੰਗਾ ਹੀ ਰਹਾਂਗਾ। ਆਪਣਾ ਸ਼ਹਿਰ ਛੱਡਕੇ ਕਿਤੇ ਹੋਰ ਰਹਿਣ ਨਾਲ ਤਾਂ ਮੈਨੂੰ ਇਉਂ ਲੱਗਦਾ ਸੀ ਜਿਵੇਂ ਮੈਨੂੰ ਨਹੁੰ ਨੂੰ ਮੇਰੇ ਮਾਸ ਵਰਗੇ ਸ਼ਹਿਰ ਨਾਲੋਂ ਖਿੱਚਕੇ ਵੱਖਰਾ ਕੀਤਾ ਜਾ ਰਿਹਾ ਹੋਵੇ।ਪਰ ਮੈਂ ਇਸਦੇ ਬਾਵਜੂਦ ਵੀ ਆਕੇ ਇਹ ਨੌਕਰੀ ਕਰ ਲਈ ਸੀ।
ਪੂਰੇ ਛੇ ਮਹੀਨੇ ਮੈਨੂੰ ਦਿੱਲੀ ਵਿੱਚ ਆਏ ਨੂੰ ਹੋ ਗਏ ਸਨ ਪਰ ਮੈਂ ਹਾਲੇ ਵੀ ਦਿੱਲੀ ਦਾ ਨਹੀਂ ਹੋ ਸਕਿਆ ਸੀ।ਕਿੱਥੇ ਤਾਂ ਉਹ ਦਿਨ ਸਨ ਜਦੋਂ ਮੈਂ ਅਤੇ ਰਾਵੀ ਦਿਨ ਵਿੱਚ ਤਿੰਨ-ਤਿੰਨ ਚਾਰ-ਚਾਰ ਵਾਰੀ ਮਿਲ਼ਿਆ ਕਰਦੇ ਸੀ।ਇੱਕ ਦੂਜੇ ਦੀਆਂ ਅੱਖਾਂ ਵਿੱਚੋਂ ਕੁੱਝ ਆਸ ਜਿਹਾ ਪੜ੍ਹਦੇ ਸੀ।. . ਤੇ ਕਿੱਥੇ ਇਹ ਦਿਨ ਕਿ ਕੁਝ ਵੀ ਮੇਰੇ ਪਾਸ ਨਹੀਂ ਹੈ ।ਜੇ ਕੁਝ ਆਪਣਾ ਹੈ ਤਾਂ ਸਟੀਰਿਓ ਅਤੇ ਗ਼ਜ਼ਲਾਂ ਦੀਆਂ ਕੁੱਝ ਕੈਸਿਟਾਂ।ਦਿਨ ਤਾਂ ਹੋਟਲ ਦੇ ਰੁਝੇਵਿਆਂ ਵਿੱਚ ਲੰਘ ਜਾਂਦਾ ਹੈ ।ਪਰ ਉਵੇਂ ਨਹੀਂ ਜਿਵੇਂ ਆਪਣੇ ਸ਼ਹਿਰ ਵਿੱਚ ਲੰਘਦਾ ਹੁੰਦਾ ਸੀ। ਇੱਥੇ ਤਾਂ ਸਵੇਰੇ ਜਾਓ ਅਤੇ ਸ਼ਾਮ ਨੂੰ ਆ ਕੇ ਆਪਣੇ ਕਮਰੇ ਵਿੱਚ ਬੰਦ ਹੋ ਜਾਓ।ਆਪਣਾ ਸ਼ਹਿਰ ਸੀ,ਕਦਮ-ਕਦਮ ਉੱਤੇ ਜਾਣੇ-ਪਹਿਚਾਣੇ ਚਿਹਰੇ ਮਿਲਦੇ ਸਨ।ਆਦਮੀ ਹਿੱਕ ਚੌੜੀ ਕਰ ਕੇ ਤੁਰ ਸਕਦਾ ਹੈ।ਪਰ ਇੱਥੇ ਬੱਸਾਂ ਦਾ ਸਫ਼ਰ ਕਿਸੇ ਦੀ ਬਹੁਤੀ ਜਾਣ-ਪਹਿਚਾਣ ਬਰਦਾਸ਼ਤ ਨਹੀਂ ਕਰਦਾ ।
ਖ਼ਤ ਪੜ੍ਹ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ ।ਪਾਪਾ ਨੇ ਆਪਣੇ ਛੋਟੇ ਜਿਹੇ ਖ਼ਤ ਨਾਲ ਬੈਂਕ ਵਾਲੇ ਅਪਾਇੰਟਮੈਂਟ ਲੈਟਰ ਦੀ ਫੋਟੋ ਕਾਪੀ ਵੀ ਭੇਜੀ ਸੀ।
ਹੁਣ ਮੈਂ ਆਪਣੇ ਸ਼ਹਿਰ ਜਾ ਕੇ ਨੌਕਰੀ ਕਰਾਂਗਾ ।
ਆਪਣੇ ਸ਼ਹਿਰ ਮੈਨੂੰ ਹਰ ਰੋਜ਼ ਰਾਵੀ ਮਿਲ਼ਿਆ ਕਰੇਗੀ ।ਉਥੇ ਮੈਂ ਭਰਵਾਂ ਸਾਹ ਲੈ ਸਕਾਂਗਾ।
ਪਿਛਲੇ ਪੰਜਾਂ –ਛੇਆਂ ਮਹੀਨਿਆਂ ਵਿੱਚ ਹੀ ਦਿੱਲੀ ਤੋਂ ਉਕਤਾ ਗਿਆ ਸਾਂ ।ਦੂਜਾ ਇਸ ਗੱਲ ਦੀ ਖਿੱਝ ਚੜ੍ਹਦੀ ਸੀ ਕਿ ਘਰੋਂ ਜਿਹੜਾ ਵੀ ਖ਼ਤ ਆਉਂਦਾ,ਉਸ ਵਿੱਚ ਰਾਵੀ ਦਾ ਜ਼ਿਕਰ ਤੱਕ ਨਾ ਹੁੰਦਾ । ਦੋ-ਚਾਰ ਖ਼ਤ ਉਡੀਕਣ ਤੋਂ ਬਾਅਦ ਜਦੋਂ ਮੈਂ ਉਹਦੇ ਬਾਰੇ ਪੁੱਛ ਲਿਆ ਤਾਂ ਬੱਸ ਇੱਕੋ ਹੀ ਸਤਰ ਲਿਖੀ ਸੀ ਉਸ ਦੀ ਪੜ੍ਹਾਈ ਵਧੀਆ ਚੱਲ ਰਹੀ ਹੈ।ਕੀ ਸਿਰਫ ਏਨਾ ਹੀ ਲਿਖ ਕੇ ਸਰ ਗਿਆ ? ਕੀ ਸਿਰਫ ਏਨਾ ਪੜ੍ਹ ਲੈਣ ਨਾਲ ਮੈਨੂੰ ਤਸੱਲੀ ਮਿਲ ਜਾਵੇਗੀ ? ਨਹੀਂ।ਜੇ ਕੋਈ ਉਹਦੇ ਬਾਰੇ ਪੂਰੀ ਕਿਤਾਬ ਵੀ ਲਿਖ ਕੇ ਭੇਜ ਦੇਵੇ ਤਾਂ ਵੀ ਮੈਨੂੰ ਇਉਂ ਜਾਪੇ ਜਿਵੇਂ ਕੁੱਝ ਅਧੂਰਾ ਹੈ ।ਰਾਵੀ ਬਾਰੇ ਪੂਰਨਤਾ ਤਾਂ ਸਿਰਫ਼ ਰਾਵੀ ਦੇ ਕੋਲ ਰਹਿ ਕੇ ਹੀ ਹੋ ਸਕਦੀ ਹੈ।
ਇੱਕ ਤਾਂ ਮਹਾਂਨਗਰ ਦੀਆਂ ਰਾਤਾਂ, ਦੂਜਾ ਚਿੱਠੀ ਵਿੱਚ ਰਾਵੀ ਦਾ ਜ਼ਿਕਰ ਬੰਦ। ਮੇਰੇ ਲਈ ਸਾਹ ਲੈਣਾ ਔਖਾ ਹੋ ਗਿਆ।ਜੀਅ ਕਰਦਾ ਕਿ ਉਸ ਨੂੰ ਆਪ ਖ਼ਤ ਲਿਖਾਂ, ਪਰ ਫਿਰ ਇਹ ਸੋਚਕੇ ਚੁੱਪ ਕਰ ਜਾਂਦਾ ਕਿ ਉਸ ਦੇ ਡੈਡੀ ਪਤਾ ਨਹੀਂ ਕੀ ਸੋਚਣਗੇ। ਹਰ ਵੇਰ ਕਾਗਜ਼ ਚੁੱਕਕੇ ਲਿਖਣ ਬੈਠਦਾ ਤਾਂ ਪੈੱਨ ਬੰਦ ਕਰਕੇ ਦੁਬਾਰਾ ਜੇਬ ਉੱਤੇ ਲਾਉਣਾ ਪੈ ਜਾਂਦਾ। ਕਿਸੇ ਤੋਂ ਕੁੱਝ ਵੀ ਤਾਂ ਪੁੱਛ ਨਹੀਂ ਸੀ ਸਕਦਾ।ਬੱਸ ਇੱਕੋ ਗੱਲ ਨਾਲ ਸਬਰ ਕਰ ਰਿਹਾ ਸੀ ਕਿ ਰਾਵੀ ਦੀ ਪੜ੍ਹਾਈ ਠੀਕ ਚੱਲ ਰਹੀ ਹੈ।
No comments:
Post a Comment