ਤੀਮਾਰਪੁਰ ਪਹੁੰਚਦਿਆਂ ਮੈਂ ਮਕਾਨਾਂ ਦੇ ਨੰਬਰ ਗਿਣਨੇ ਸ਼ੁਰੂ ਕਰ ਦਿੱਤੇ।ਪਤਾ ਨਹੀਂ ਕਿਉਂ, ਹਰ ਇੱਕ ਨੰਬਰ ਪੜ੍ਹਦਿਆਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਡਰ ਰਿਹਾ ਹੋਵਾਂ।ਮੇਰੀ ਤੋਰ ਵਿੱਚ ਵੀ ਕੋਈ ਕਾਹਲੀ ਨਹੀਂ ਸੀ।
ਮੈਨੂੰ ਜਾਪ ਰਿਹਾ ਸੀ ਜਿਵੇਂ ਮੈਂ ਰਾਵੀ ਦੇ ਘਰ ਤੱਕ ਪਹੁੰਚ ਹੀ ਨਹੀਂ ਸਕਾਂਗਾ।ਬੱਸ ਫਿਰਦਾ-ਫਿਰਦਾ ਏਵੇਂ ਹੀ ਘੁੰਮ-ਘੁਮਾ ਕੇ ਏਥੋਂ ਰੇਲਵੇ ਸਟੇਸ਼ਨ ਵਾਪਿਸ ਚਲਿਆ ਜਾਵਾਂਗਾ।
ਰਾਵੀ ਦਾ ਮਕਾਨ ਮੇਰੇ ਸਾਹਮਣੇ ਸੀ।ਮੈਂ ਆਪਣਾ ਪਰਸ ਕੱਢਕੇ ਉਸ ਵਿੱਚ ਲਿਖਕੇ ਪਾਇਆ ਪਤਾ ਉਸ ਨਾਲ ਮਿਲਾ ਲਿਆ।ਅਤੇ ਯਕੀਨ ਕਰਕੇ ਬੈੱਲ ਦਬਾ ਦਿੱਤੀ।
ਬੂਹਾ ਖੁਲ੍ਹਿਆ ਤਾਂ ਰਾਵੀ ਮੇਰੇ ਸਾਹਮਣੇ ਸੀ।. . . ਮੇਰੇ ਮੂਹੋਂ ਇੱਕ ਵੀ ਲਫ਼ਜ਼ ਨਾ ਨਿਕਲਿਆ।ਅਹਿੱਲ ਮੈਂ ਸੀ ਅਤੇ ਮੇਰਾ ਵਰਤਮਾਨ ਸੀ।ਰਸਮੀਂ ਤੌਰ ਉੱਤੇ ਵੀ ਮੇਰੇ ਸ਼ਬਦ ਪਤਾ ਨਹੀਂ ਕਿੱਧਰ ਗੁਆਚ ਗਏ ਸਨ।
ਰਾਵੀ ਮੇਰੇ ਵੱਲ ਲਗਾਤਾਰ ਟਿਕਟਿਕੀ ਲਾਈ ਵੇਖ ਰਹੀ ਸੀ।ਇੰਝ ਜਿਵੇਂ ਕੋਈ ਕਿਸੇ ਨੂੰ ਜਾਣਦਾ ਨਹੀਂ ਹੁੰਦਾ ਅਤੇ ਬਿਨਾਂ ਬੋਲਿਆਂ ਹੀ ਸੁਆਲ ਕਰਦਾ ਹੈ।ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਇਹਨਾਂ ਪਲਾਂ ਨੂੰ ਕਿਵੇਂ ਮਹਿਸੂਸ ਕਰ ਰਹੀ ਹੈ।
-‘ਆਉ,ਅੰਦਰ ਲੰਘ ਆਉ ਨਾਂ ?’ ਥੋੜ੍ਹੀ ਦੇਰ ਬਾਦ ਉਹ ਬੋਲੀ।ਉਹੀ ਸਲੀਕਾ,ਉਹੀ ਮਾਸੂਮੀਅਤ।
-‘ਥੈਂਕ ਯੂ’। ਤੇ ਮੈਂ ਰਾਵੀ ਨਾਲ਼ ਹੋ ਤੁਰਿਆ।
ਛੋਟਾ ਜਿਹਾ ਵਿਹੜਾ ਸੀ ਜਿਸ ਵਿੱਚ ਦੋ ਕੁਰਸੀਆਂ ਅਤੇ ਵਿਚਕਾਰ ਛੋਟਾ ਜਿਹਾ ਮੇਜ਼ ਪਿਆ ਸੀ ਅਤੇ ਪਰ੍ਹਾਂ ਕੰਧ ਕੋਲ ਡਹੇ ਹੋਏ ਮੰਜੇ ਉੱਪਰ ਕੁੱਝ ਕੱਪੜੇ ਖਿੱਲਰੇ ਪਏ ਸਨ।ਸ਼ਾਇਦ ਉਹ ਇਹਨਾਂ ਦੀਆਂ ਤਹਿਆਂ ਲਾਉਂਦੀ ਲਾਉਂਦੀ ਹੀ ਬੂਹਾ ਖੋਲ੍ਹਣ ਆਈ ਸੀ।ਘਰ ਅੰਦਰ ਹੋਰ ਕੋਈ ਨਹੀਂ ਸੀ।ਘਰ ਦੇ ਹੋਰ ਸਮਾਨ ਉੱਪਰ ਨਜ਼ਰ ਮਾਰਦਿਆਂ ਇਹ ਅੰਦਾਜ਼ਾ ਮੈਂ ਆਉਂਦੇ ਨੇ ਲਾ ਲਿਆ ਸੀ ਕਿ ਉਹ ਘਰਦਿਆਂ ਤੋਂ ਵੱਖਰੇ ਹੋਕੇ ਇਕੱਲੇ ਹੀ ਇਸ ਮਕਾਨ ਵਿੱਚ ਰਹਿ ਰਹੇ ਹਨ।
-‘ਤੁਸੀਂ ਬੈਠੋ ਮੈਂ ਚਾਹ ਬਣਾਕੇ ਲਿਆਉਂਦੀ ਆਂ।’ਕਹਿਕੇ ਉਹ ਅੰਦਰ ਵੱਲ ਵਧੀ।ਮੈਥੋਂ ਇੱਕ ਵਾਰ ਵੀ ਨਾਂਹ ਨਹੀਂ ਕਿਹਾ ਗਿਆ ਅਤੇ ਮੈਂ ਉੱਥੇ ਪਈ ਕੁਰਸੀ ਉੱਪਰ ਬੈਠ ਗਿਆ।
ਗਰਮ-ਗਰਮ ਚਾਹ ਮੇਜ਼ ਉੱਤੇ ਰੱਖਕੇ ਰਾਵੀ ਮੇਰੇ ਸਾਹਮਣੇ ਬੈਠ ਗਈ।ਦੋਹਾਂ ਕੱਪਾਂ ਵਿੱਚੋਂ ਸ਼ਾਇਦ ਮੇਰੇ ਅਤੇ ਉਸਦੇ ਨਸੀਬਾਂ ਦੀ ਭਾਫ਼ ਉੱਠ ਰਹੀ ਸੀ।
ਅਜੇ ਤੀਕਰ ਖ਼ਾਮੋਸ਼ੀ ਦਾ ਹੀ ਰਾਜ ਸੀ।
-‘ਅੱਜ ਕਿਵੇਂ ਦਿਲ ਕਰ ਆਇਆ ਆਉਣ ਨੂੰ ?’ ਖਾਮੋਸ਼ੀ ਤੋੜਦੀ ਉਹ ਪਤਾ ਨਹੀਂ ਕਿਥੋਂ ਬੋਲੀ ਸੀ।
-‘ਮਾਮੀ ਜੀ ਨੇ ਮਿਲਣ ਲਈ ਕਿਹਾ ਸੀ, ਵੈਸੇ ਤਾਂ ਮੈਂ ਆਪਣੇ ਆਫੀਸ਼ੀਅਲ ਕੰਮ ਆਇਆ ਸੀ’।ਮੈਨੂੰ ਨਹੀਂ ਸੀ ਪਤਾ ਉਸਦੀ ਗੱਲ ਦਾ ਇਹੋ ਜੁਆਬ ਬਣਦਾ ਸੀ ਜਾਂ ਕੋਈ ਹੋਰ।
-‘ਇਹਦਾ ਮਤਲਬ ਆਪਣੇ-ਆਪ ਨਈਂ ਮਿਲਣ ਆਏ’।
ਇਸ ਗੱਲ ਦਾ ਮੈਂ ਕੀ ਜੁਆਬ ਦਿੰਦਾ।ਉਹ ਸੱਚ ਬੋਲ ਰਹੀ ਸੀ।ਮੈਂ ਜੋ ਸੱਚ ਬੋਲ ਬੈਠਾ ਸੀ ਉਸੇ ਨੂੰ ਜੇਕਰ ਝੂਠ ਬਣਾਕੇ ਪੇਸ਼ ਕਰਦਾ ਤਾਂ ਵਧੀਆ ਗੱਲ ਸੀ।
-‘ਇੱਕ ਗੱਲ ਦੱਸੋ ਲਾਲੀ ਹੁਣ ਤੁਸੀਂ ਮੈਰਿਜ ਕਿਉਂ ਨਈਂ ਕਰਵਾਉਂਦੇ?’
ਰਾਵੀ ਨੇ ਪਤਾ ਨਹੀਂ ਕਿਉਂ ਅਚਨਚੇਤ ਪਹਿਲੀ ਗੱਲ ਤੋਂ ਪਰਦਾ ਕਰ ਲਿਆ ਸੀ ਅਤੇ ਹੋਰ ਹੀ ਕਿਸੇ ਜ਼ਮੀਨ ਉੱਪਰ ਉੱਤਰ ਆਈ ਸੀ।
ਮੈਂ ਪਹਿਲਾਂ ਵਾਂਗ ਫਿਰ ਚੁੱਪ ਹੋ ਗਿਆ ਸੀ, ਭਲਾ ਕੀ ਜੁਆਬ ਦਿੰਦਾ ਉਸਨੂੰ।
-‘ਅੰਬੋ ਦੀ ਉਮਰ ਕਿੰਨੀ ਹੋਗੀ ਉਸਦਿਆਂ ਦੁੱਖਾਂ ਤਕਲੀਫਾਂ ਦੀ ਕੋਈ ਫਿ਼ਕਰ ਨੀਂ?’
-‘ਰਾਵੀ ਤੇਰਾ ਇਸ ਸਭ ਕਾਸੇ ਨਾਲ ਕੋਈ ਵਾਸਤਾ ਨੀਂ।’ਇਹ ਮੈਂ ਨਹੀਂ ਜਿਵੇਂ ਕੋਈ ਹੋਰ ਹੀ ਬੋਲਿਆ ਹੋਵੇ।
-‘ਹੈ ਕਿਉਂ ਨੀਂ? ਵਾਸਤਾ ਹੈ।ਇਸੇ ਵਾਸਤੇ ਤਾਂ ਮੈਂ ਮੰਮੀਂ ਨੂੰ ਚਿੱਠੀ ਵਿੱਚ ਲਿਖਿਆ ਸੀ।ਲਿਖਣਾ ਥੋਨੂੰ ਵੀ ਸੀ ਪਰ ਲਿਖ ਨਈਂ ਸਕੀ ਪਤਾ ਨਈਂ ਕਿਉਂ।’ ਉਹ ਬਹੁਤ ਹੀ ਦ੍ਰਿੜਤਾ ਨਾਲ ਮੇਰੇ ਵੱਲ ਵੇਖ ਰਹੀ ਸੀ।
ਮੈਂ ਫਿਰ ਖ਼ਾਮੋਸ਼ ਰਿਹਾ।
ਉਹ ਵੀ ਖ਼ਾਮੋਸ਼ ਸੀ, ਬੱਸ ਜੇ ਕੁੱਝ ਸੁਣ ਰਿਹਾ ਸੀ ਚਾਹ ਦੀਆਂ ਚੁਸਕੀਆਂ ਦੀ ਆਵਾਜ਼।
-‘ਮੇਰੇ ਤਾਂ ਨਸੀਬਾਂ ਵਿੱਚ ਲਿਖਿਆ ਹੀ ਇਹੋ ਕੁੱਝ ਸੀ, ਤੂੰ ਕਿਉਂ ਹੁਣ ਆਪਣੇ-ਆਪ ਨੂੰ ਬਰਬਾਦ ਕਰਨ ‘ਤੇ ਤੁਲਿਆ ਹੋਇਐਂ।’ਉਸਦੇ ਅੰਦਰੋਂ ਜਾਗੇ ਹੌਕੇ ਵਿੱਚ ‘ਤੂੰ’ ਦੇ ਸੰਬੋਧਨ ਨੇ ਪਹਿਲਾਂ ਵਾਲੀ ਅਪਣੱਤ ਪੈਦਾ ਕਰ ਦਿੱਤੀ ਸੀ।
-‘ਨਸੀਬਾਂ ਦੀ ਕੀ ਗੱਲ ਹੁੰਦੀ ਐ ,ਕੀ ਨਹੀਂ ਸੀ ਹੋ ਸਕਦਾ’।ਮੈਨੂੰ ਜਾਪਿਆ ਜਿਵੇਂ ਉਹਦਿਆਂ ਸਵਾਲਾਂ ਦਾ ਜੁਆਬ ਦੇਣਾ ਲਾਜ਼ਮੀ ਹੋ ਗਿਆ ਸੀ।
-‘ਮੈਂ ਤਾਂ ਭਲਾ ਕੁੜੀ ਸੀ,ਨਹੀਂ ਕੁੱਝ ਕਰ ਸਕੀ।ਤੂੰ ਤਾਂ ਕੁੱਝ ਕਰ ਈ ਸਕਦਾ ਸੀ।’ਇਸ ਵਾਰ ਤਰਲੇ ਦੇ ਨਾਲ ਨਾਲ ਮਿਹਣਾ ਵੀ ਸ਼ਾਮਿਲ ਸੀ।ਜਿਹੜਾ ਮੇਰੇ ਧੁਰ ਅੰਦਰ ਲਹਿ ਗਿਆ।
-‘ਨਹੀਂ ਰਾਵੀ,ਅਸਲ ਵਿੱਚ ਮੈਨੂੰ ਘਰ ਆਉਣ ਉੱਤੇ ਮਸਾਂ ਹਫ਼ਤਾ ਪਹਿਲਾਂ ਹੀ ਪਤਾ ਲੱਗਿਆ।’. . ਇਹ ਕੀ ਸੀ, ਜੋ ਮੈਂ ਬੋਲਿਆ ਸੀ।. . ਬੇਬਸੀ ਜਾਂ ਨਿਪੁੰਸਕਤਾ?
-‘ਹਫ਼ਤਾ ਪਹਿਲਾਂ. . ਵਾਹ! ਉਹ ਵੀ ਹੁੰਦੇ ਨੇ ਜਿਹਨਾਂ ਨੂੰ ਦਿਨ ਦੇ ਦਿਨ ਪਤਾ ਲਗਦੈ ਅਤੇ ਕੁੱਛ ਦਾ ਕੁੱਛ ਕਰਕੇ ਵਿਖਾ ਦਿੰਦੇ ਨੇ।ਲੋਕ ਦਸਾਂ ਦਿਨਾਂ ਵਿੱਚ ਦੁਨੀਆਂ ਹਿਲਾਉਂਣ ਦੀ ਗੱਲ ਕਰਦੇ ਨੇ ਤੇ ਤੂੰ ਹਫਤੇ ਵਿੱਚ ਇਹ ਛੋਟਾ ਜਿਹਾ ਕੰਮ ਨਾ ਕਰ ਸਕਿਆ।’ਉਸਦੇ ਬੋਲਾਂ ਵਿੱਚ ਅੰਤਾਂ ਦਾ ਗੁੱਸਾ ਸੀ। ਅੱਜ ਤੋਂ ਪਹਿਲਾਂ ਮੈਂ ਇਹ ਚਿਹਰਾ ਕਦੇ ਵੀ ਸੁਰਖ਼ ਹੋਇਆ ਨਹੀਂ ਸੀ ਵੇਖਿਆ।ਰਾਵੀ ਏਨੀ ਸਿਆਣੀ ਵੀ ਹੋ ਸਕਦੀ ਐ ਇਹ ਮੈਂ ਕਦੇ ਵੀ ਨਹੀਂ ਸੀ ਸੋਚਿਆ।
-‘ਨਹੀਂ ਰਾਵੀ ਮੈਂ ਕਰਦਾ ਵੀ ਕੀ.. ..ਇਹ ਸਾਰਾ ਕੁੱਝ ਜੋ ਸਾਡੇ ਦਰਮਿਆਨ ਫਾਸਲਾ ਬਣਕੇ ਆ ਖੜਿਐ, ਇੱਕ ਦੂਰੀ ਬਣ ਗਈ ਐ,ਇਸ ਸਭ ਕਾਸੇ ਦੇ ਜਿੰਮੇਵਾਰ ਮੇਰੇ ਪੇਰੈਂਟਸ ਨੇ।ਇਸ ਸਭ ਕਾਸੇ ਲਈ ਮੈਂ ਉਹਨਾਂ ਨੂੰ ਬਿਲਕੁੱਲ ਜ਼ੀਰੋ ਸਮਝਦਾਂ।’
-‘ਤੇਰੇ ਲਈ ਉਹ ਜ਼ੀਰੋ ਹੋਣਗੇ.. ਪਰ ਮੇਰੇ ਲਈ ਲਾਲੀ ਤੂੰ ਮਾਈਨਸ ਜ਼ੀਰੋ ਹੋ ਗਿਐਂ।’ਕਿੱਡਾ ਵੱਡਾ ਸੱਚ ਬੋਲ ਗਈ ਸੀ ਰਾਵੀ.. ..।
ਮੈਂ ਧੌਣ ਉਠਾਕੇ ਉਸ ਵੱਲ ਵੇਖਿਆ।ਉਸ ਦੀਆਂ ਭੋਲੀਆਂ ਅੱਖਾਂ ਵਿੱਚ ਅੱਥਰੂ ਸਨ। ਸ਼ਿਕਾਇਤ ਅਤੇ ਮਾਯੂਸੀ ਦੇ ਬਹੁਤ ਭਾਰੇ ਅੱਥਰੂ।ਸ਼ਾਇਦ ਜ਼ਿੰਦਗੀ ਜਿੰਨੇ ਭਾਰੇ ਅੱਥਰੂ।ਮੇਰੇ ਵੇਖਦਿਆਂ-ਵੇਖਦਿਆਂ ਉਸਨੇ ਆਪਣਾ ਮੂੰਹ ਪਾਸੇ ਫੇਰ ਲਿਆ ਅਤੇ ਚੁੰਨੀ ਨਾਲ ਅੱਖਾਂ ਪੂੰਝਦੀ ਪੂੰਝਦੀ ਖਾਲੀ ਕੱਪ ਲੈ ਕੇ ਰਸੋਈ ਵੱਲ ਚਲੀ ਗਈ।
ਪਹਿਲੀ ਵਾਰ ਮੈਨੂੰ ਯਕੀਨ ਨਾਲ ਅਹਿਸਾਸ ਹੋ ਗਿਆ ਕਿ ਅਸਲ ਦੋਸ਼ੀ ਤਾਂ ਮੈਂ ਹੀ ਸੀ। ਭੋਰਾ ਜਿੰਨਾ ਵੀ ਨਾਇਕ ਨਾ ਬਣ ਸਕਿਆ।ਰੱਤੀ ਭਰ ਵੀ ਵਿਰੋਧ ਨਾ ਕਰ ਸਕਿਆ।ਸਥਿਤੀਆਂ ਵਿੱਚ ਤਾਂ ਮੈਂ ਆਪਣੇ ਆਪ ਨੂੰ ਐਵੇਂ ਹੀ ਉਲਝਾ ਲਿਆ ਸੀ।
ਯਾਦ ਆਇਆ ਕਿ ਇੱਕ ਵਾਰ ਮੈਂ ਉਸ ਦੇ ਪਾਪਾ ਦੀ ਕਿਸੇ ਗੱਲ ਦਾ ਜੁਆਬ ਦਿੰਦੇ ਹੋਏ ਕਿਹਾ ਸੀ –‘ਅੱਜ ਕੱਲ੍ਹ ਤਾਂ ਬਹੁਤ ਮੁੰਡੇ ਮਿਲ਼ ਜਾਂਦੇ ਨੇ ਜਿਹੜੇ ਰਾਵੀ ਵਰਗੀ ਚੰਗੀ ਕੁੜੀ ਨਾਲ ਬਿਨਾਂ ਕਿਸੇ ਦਾਜ ਦਹੇਜ ਤੋਂ ਵਿਆਹ ਕਰਵਾਉਣ ਵਾਸਤੇ ਝੱਟ ਮੰਨ ਜਾਣਗੇ।’ਹੁਣ ਮਹਿਸੂਸ ਹੋਇਆ ਕਿ ਰਾਵੀ ਕੋਲ ਵੀ ਇਹ ਗੱਲ ਜ਼ਰੂਰ ਪਹੁੰਚੀ ਹੋਵੇਗੀ ਅਤੇ ਇਸ ਨੇ ਸੋਚ ਲਿਆ ਹੋਣੈਂ ਕਿ ਮੈਂ ਉਹਨਾਂ ਸਾਰੇ ਮੁੰਡਿਆਂ ਤੋਂ ਬਾਹਰ ਹਾਂ।
ਮੈਂ ਜਿਹੜਾ ਰਾਵੀ ਉੱਪਰ ਆਪਣਾ ਬਹੁਤ ਹੀ ਅਧਿਕਾਰ ਸਮਝਦਾ ਸੀ,ਆਪਣੇ ਹੀ ਕਿਲੇ ਅੰਦਰ ਘਿਰ ਗਿਆ ਸੀ।ਆਪਣੇਂ ਹੀ ਕਿਲੇ ਦੇ ਬੁਰਜਾਂ ਦੀ ਰਾਖੀ ਨਾ ਕਰ ਸਕਿਆ ਮੈਂ।
ਮੂੰਹ ਧੋਕੇ, ਪੂੰਝਕੇ ਉਹ ਫੇਰ ਮੇਰੇ ਕੋਲ ਆਕੇ ਬੈਠ ਗਈ।ਇਸ ਵੇਰ ਉਸਦਾ ਚਿਹਰਾ ਐਨ ਵਿਆਹ ਤੋਂ ਪਹਿਲਾਂ ਵਾਲੀ ਰਾਵੀ ਦਾ ਚਿਹਰਾ ਸੀ।
-‘ ਰਾਵੀ. . . ਹੁਣ ਕੁੱਝ ਨਈਂ ਹੋ ਸਕਦਾ?’ ਇਹ ਮੈਂ ਕੀ ਕਹਿ ਗਿਆ ਸੀ? ਕਿਉਂ ਕਹਿ ਗਿਆ ਸੀ? ਮੇਰੇ ਅੰਦਰੋਂ ਕੌਣ ਕਮੀਨਾ ਬੋਲਿਆ ਸੀ ? ਕੀ ਇਹ ਸੰਭਵ ਹੋ ਸਕਣਾ ਸੀ ? ਮੈਨੂੰ ਜਾਪਿਆ ਜਿਵੇਂ ਉਹ ਮੇਰੇ ਵੱਲ ਘੂਰਕੇ ਵੇਖ ਰਹੀ ਹੋਵੇ।
-‘ਵਕਤ ਵੱਲ ਵੇਖ ਲਾਲੀ।ਨਾਲ਼ੇ ਇਹੋ ਜਿਹਾ ਸੋਚਣਾ ਤਾਂ ਦੂਰ ਦੀ ਗੱਲ ਮਨ ਉੱਤੇ ਵੀ ਕਦੇ ਨਾ ਲਿਆਵੀਂ।’
ਮੈਨੂੰ ਜਾਪਿਆ ਜਿਵੇਂ ਮੈਂ ਸਾਰੇ ਦਾ ਸਾਰਾ ਹੀ ਬਲ਼ਣ ਲੱਗ ਪਿਆ ਹੋਵਾਂ।ਜਿਵੇਂ ਕਿਸੇ ਨੇ ਮੇਰੇ ਨਾਲੋਂ ਕੁੱਝ ਨੋਚ ਲਿਆ ਹੋਵੇ।ਚਿੱਟਾ ਦਿਨ ਜਿਵੇਂ ਗਾਹੜੇ ਹਨੇਰੇ ਵਿੱਚ ਤਬਦੀਲ ਹੋ ਗਿਆ ਸੀ।ਮੈਨੂੰ ਇੱਕ ਮਿੰਟ ਵੀ ਹੋਰ ਬੈਠਣਾ ਬਹੁਤ ਵੱਡਾ ਬੋਝ ਜਾਪ ਰਿਹਾ ਸੀ।
-‘ਅੱਛਾ.. ਮੈਂ ਚਲਦਾਂ’ ਮੈਂ ਕੁਰਸੀ ਤੋਂ ਖੜ੍ਹਾ ਹੋਕੇ ਬਾਹਰ ਵੱਲ ਪੈਰ ਵਧਾ ਲਏ।
ਰਾਵੀ ਗੇਟ ਤੱਕ ਮੇਰੇ ਨਾਲ ਆਈ।
-‘ ਅੱਛਾ,. . . ਜਾਕੇ ਚਿੱਠੀ ਜ਼ਰੂਰ ਲਿਖੀਂ. . .?’ ਪਤਾ ਨਹੀਂ ਮੇਰੀਆਂ ਅੱਖਾਂ ਵਿੱਚੋਂ ਉਸ ਨੇ ਹਾਂਅ ਜਾਂ ਨਾਂਹ ਪੜ੍ਹੀ ਪਰ ਮੇਰੇ ਅੰਦਰ ਇੱਕ ਸ਼ੋਰ ਪੈਦਾ ਹੋ ਗਿਆ। ਮੈਂ ਘਿਰ ਜਿਹਾ ਗਿਆ ਆਪਣੇ-ਆਪ ਵਿੱਚ। ਇਹ ਕਿਹੋ ਜਿਹੇ ਸ਼ਬਦ ਸਨ ਜਿਹੜੇ ਅੱਜ ਤੋਂ ਬਾਦ ਮੇਰਾ ਕਦੇ ਵੀ ਪਿੱਛਾ ਨਹੀਂ ਛੱਡਣਗੇ।
ਮਹਾਂਨਗਰ ਵਿੱਚ ਪਤਾ ਨਹੀਂ ਕਿਸੇ ਸਵਾਰੀ ਦਾ ਹਾਰਨ ਵੱਜਿਆ ਪਰ ਮੈਨੂੰ ਲੱਗਿਆ ਜਿਵੇਂ ਬੱਸ ਬਹੁਤ ਹੀ ਨਜ਼ਦੀਕ ਆ ਗਈ ਹੋਵੇ।ਇਹ ਤਾਂ ਆਪਣੇਂ ਸਫ਼ਰ ਉੱਪਰ ਗੁਜ਼ਰ ਜਾਵੇਗੀ ਅਤੇ ਫਿਰ ਇਸੇ ਸਫਰ ਉੱਪਰ ਇੱਕ ਬੱਸ ਹੋਰ। . . . . ਮੈਂ ਕਾਹਲ਼ੀ-ਕਾਹਲ਼ੀ ਭੱਜ ਹੀ ਪਿਆ। ਜਿਵੇਂ ਕੋਈ ਕੋਈ ਪੰਛੀ ਧਰਤੀ ਤੋਂ ਬਿਰਖ ਉੱਤੇ ਅਤੇ ਬਿਰਖ ਤੋਂ ਅਣਜਾਣੇ ਖ਼ਲਾਅ ਵੱਲ ਉਡਾਣ ਭਰਦਾ ਹੈ।
ਸਮਾਪਤ
No comments:
Post a Comment