ਬਚਪਨ ਤੋਂ ਹੀ ਘੁੱਤੀ ਪੌਣੇ, ਕੋਚਰ ਕੰਡਾ, ਕੋਟਲਾ ਛਪਾਕੀ, ਦਾਈ ਦੁੱਕੜੇ, ਜਾਂ ਪੀਚੋ ਬੱਕਰੀ ਕੁੱਝ ਵੀ ਖੇਡਦੇ, ਰਾਵੀ ਹਮੇਸ਼ਾ ਮੇਰੇ ਨਾਲ ਹੁੰਦੀ।ਉਂਝ ਮੈਂ ਬੇਸ਼ਕ ਤੀਜੀ ਵਿੱਚ ਪੜ੍ਹਦਾ ਸੀ ਅਤੇ ਉਹ ਅਜੇ ਪੜ੍ਹਨ ਨਹੀਂ ਸੀ ਲੱਗੀ ਪਰ ਸਾਡੀ ਆੜੀ ਪੱਕੀ ਸੀ। ਉਹ ਮਾਪਿਆਂ ਦੀ ਇਕਲੌਤੀ ਧੀ ਸੀ । ਪਿੰਡ ਤਾਂ ਉਹਨਾਂ ਦਾ ਕੋਈ ਹੋਰ ਸੀ ਪਰ ਉਸਦੇ ਡੈਡੀ ਬਹੁਤ ਦੇਰ ਤੋਂ ਇਥੇ ਹੀ ਮਾਸਟਰ ਸਨ। ਜਿਸ ਘਰ ਵਿੱਚ ਉਹ ਆਕੇ ਕਿਰਾਏ ਉੱਤੇ ਰਹਿਣ ਲੱਗੇ ਸਨ ਉਹੀ ਘਰ ਬਾਦ ਵਿੱਚ ਉਹਨਾਂ ਨੇ ਖਰੀਦ ਲਿਆ ਸੀ। ਉਹਨਾਂ ਦਾ ਘਰ ਮੇਰੇ ਨਾਨਕੇ ਘਰ ਤੋਂ ਦੋ ਤਿੰਨ ਹੀ ਘਰ ਛੱਡਕੇ ਬਾਦ ਵਿੱਚ ਆਉਂਦਾ ਸੀ ਅਤੇ ਗੁਆਂਢ ਮੱਥਾ ਹੋਣ ਕਰਕੇ ਰਾਵੀ ਦੀ ਮੰਮੀ ਦਾ ਮੇਰੀ ਨਾਨੀ ਕੋਲ ਆਉਣ ਜਾਣ ਵੀ ਬਹੁਤ ਸੀ।ਇਸ ਪਿੱਛੇ ਇੱਕ ਵੱਡਾ ਕਾਰਨ ਤਾਂ ਇਹ ਵੀ ਸੀ ਕਿ ਮੇਰੇ ਮਾਮਾ ਜੀ ਵੀ ਉਸੇ ਸਕੂਲ ਵਿੱਚ ਪੜ੍ਹਾਉਂਦੇ ਸਨ ਜਿਹੜੇ ਵਿੱਚ ਰਾਵੀ ਦੇ ਪਾਪਾ। ਜਿਸ ਕਰਕੇ ਘਰੇਲੂ ਸਹਿਚਾਰ ਹੋਰ ਵੀ ਜ਼ਿਆਦਾ ਸੀ।
ਵਕਤ ਨਾ ਰੁਕਣਾ ਸੀ ਅਤੇ ਨਾ ਹੀ ਰੁਕਿਆ ।
ਅਸੀਂ ਦੋਵੇਂ ਵਧਣੇ ਪੈ ਗਏ ।
ਬਚਪਨ ਦੇ ਸੁਭਾਅ ਨਾਲੋਂ ਉਸ ਦਾ ਸੁਭਾਅ ਹੁਣ ਬਹੁਤ ਬਦਲ ਗਿਆ ਸੀ। ਸਾਡੇ ਘਰ ਆਉਂਦੀ ਤਾਂ ਉਹ ਪਹਿਲਾਂ ਵਾਂਗ ਹੀ ਸੀ, ਨਾਨੀ ਨਾਲ ਗੱਲਾਂ ਵੀ ਪਹਿਲਾਂ ਵਾਂਗ ਹੀ ਕਰਦੀ ਸੀ। ਪਰ ਹੁਣ ਮੇਰੇ ਨਾਲ ਉਸਦੀਆਂ ਗੱਲਾਂ ਪਹਿਲਾਂ ਵਾਂਗ ਨਹੀਂ ਸਨ ਹੁੰਦੀਆਂ। ਉਸਦੇ ਮੁੱਖ ਉੱਤੇ ਸ਼ਰਮ ਦੀ ਲੋਈ ਆਪਣੇਂ ਆਪ ਹੀ ਓੜ੍ਹੀ ਗਈ ਸੀ। ਅਸੀਂ ਜੋ ਵੀ ਗੱਲਾਂ ਕਰਦੇ ਬੱਸ ਮਿਣਵੀਆਂ ਤੋਲਵੀਆਂ ਹੀ ਅਤੇ ਜਾਂ ਬੱਸ ਕਦੇ ਕਦਾਈਂ, ਉਹ ਆਪਣੀ ਪੜ੍ਹਾਈ ਦਾ ਮੈਥੋਂ ਕੁੱਝ ਨਾ ਕੁੱਝ ਸਮਝਣ ਲੱਗ ਪੈਂਦੀ। ਹਾਂ ਜੇ ਕਦੇ ਮੇਰੇ ਕਿਸੇ ਕਮੀਜ਼ ਦਾ ਕੋਈ ਬਟਨ ਟੁੱਟਿਆ ਹੁੰਦਾ ਜਾਂ ਕਦੀ ਕੋਈ ਸੀਣ ਮਾਰਨੀ ਹੁੰਦੀ ਤਾਂ ਉਹ ਨਾਨੀ ਤੋਂ ਫੜਕੇ ਇਹ ਕੰਮ ਆਪ ਕਰ ਦਿੰਦੀ। ਇਹੋ ਜਿਹੀਆਂ ਕੁੱਝ ਹੋਰ ਵੀ ਘਰੇਲੂ ਗੱਲਾਂ ਸਨ ਜਿਹਨਾਂ ਦੀ ਬਦੌਲਤ ਮੈਂ ਰਾਵੀ ਉਪਰ ਐਵੇਂ ਹੀ ਆਪਣਾ ਹੱਕ ਜਿਹਾ ਸਮਝਣ ਲੱਗ ਪਿਆ ਸੀ। ਮੈਨੂੰ ਇਉਂ ਮਹਿਸੂਸ ਹੋਣ ਲੱਗ ਪਿਆ ਸੀ ਜਿਵੇਂ ਉਸ ਦੀ ਮੇਰੇ ਵਿੱਚ ਬਹੁਤ ਜਿਆਦਾ ਦਿਲਚਸਪੀ ਤਾਂ ਹੈ ਪਰ ਉਹਨੂੰ ਇਸਨੂੰ ਜ਼ਾਹਿਰ ਕਰਨਾ ਨਹੀਂ ਆਉਂਦਾ। ਮੇਰਾ ਮਨ ਕਰਦਾ ਹੈ ਕਿ ਮੈਂ ਉਸ ਨੂੰ ਪੁੱਛ ਲਵਾਂ ਕਿ ਉਹਦੇ ਮਨ ਵਿੱਚ ਜੋ ਕੁੱਝ ਵੀ ਹੈ ਉਹ ਮੈਨੂੰ ਸਾਫ਼-ਸਾਫ਼ ਕਹਿ ਦੇਵੇ। ਮੈਂ ਅਜਿਹਾ ਤਾਂ ਨਾ ਕਰ ਸਕਿਆ ਪਰ ਆਪਣੇ ਵਿਸ਼ਵਾਸ਼ ਨੂੰ ਜਰੂਰ ਪੱਕਾ ਕਰਦਾ ਰਿਹਾ ਕਿ ਰਾਵੀ ਦਾ ਵਿਆਹ ਹੋਵੇਗਾ ਤਾਂ ਸਿਰਫ਼ ਮੇਰੇ ਨਾਲ ਹੀ। ਹੋਰ ਕਿਸੇ ਨਾਲ ਉਹ ਆਪ ਹੀ ਜਾਣਾ ਪਸੰਦ ਨਹੀਂ ਕਰੇਗੀ।
ਕਦੇ ਕਦੇ ਮੇਰੇ ਮਨ ਵਿੱਚ ਆਉਂਦਾ ਕਿ ਜੇਕਰ ਉਸਦੇ ਡੈਡੀ ਨੇ ਕਿਧਰੇ ਹੋਰ ਗੱਲ ਕਰ ਵੀ ਲਈ ਤਾਂ ਉਹ ਅੱਗੋਂ ਰਤਾ ਵੀ ਵਿਰੋਧ ਨਹੀਂ ਕਰ ਸਕੇਗੀ। ਵਿਰੋਧ ਉਸਦੇ ਸੁਭਾਅ ਦਾ ਹਿੱਸਾ ਹੀ ਨਹੀਂ ਹੈ। ਉਹ ਉੱਚਾ ਬੋਲ ਹੀ ਨਹੀਂ ਸਕਦੀ। ਦੂਰ ਨੇੜੇ ਦੀਆਂ ਲੜਾਈ ਦੀਆਂ ਗੱਲਾਂ ਸੁਣਕੇ ਉਹ ਉਂਝ ਹੀ ਲੰਮੇ-ਲੰਮੇ ਹੌਂਕੇ ਭਰਨ ਲੱਗ ਪੈਂਦੀ ਹੈ। ਸ਼ਾਮ ਸੁਰਖ਼ ਹੁਣ ਤੋਂ ਬਾਦ ਸਾਡੇ ਘਰ ਤੋਂ ਆਪਣੇ ਘਰ ਤੱਕ ਵੀ ਉਹ ਇਕੱਲੀ ਨਹੀਂ ਜਾ ਸਕਦੀ, ਇਹ ਕੰਮ ਵੀ ਮੈਨੂੰ ਹੀ ਕਰਨਾ ਪੈਂਦਾ। ਮੈਂ ਚੁੱਪ ਚਾਪ ਉਸ ਨਾਲ ਤੁਰਿਆ ਜਾਂਦਾ ਅਤੇ ਉਹਨਾਂ ਦੇ ਘਰ ਅੱਗੇ ਉਸਨੂੰ ਛੱਡਕੇ ਵਾਪਸ ਪਰਤ ਆਉਂਦਾ। ਰਸਤੇ ਵਿੱਚ ਅਸੀਂ ਕੋਈ ਵੀ ਗੱਲ ਨਾ ਕਰਦੇ।ਘਰ ਤੋਂ ਘਰ ਤੱਕ ਦਾ ਫਾਸਲਾ ਹੀ ਏਨਾ ਕੁ ਸੀ ਕਿ ਜੇਕਰ ਕੋਈ ਗੱਲ ਕਰ ਵੀ ਦਿੰਦਾ ਤਾਂ ਉਸਦਾ ਜਵਾਬ ਅਗਲੇ ਜਾਂ ਅਗਲੇ ਜਾਂ ਅਗਲੇ ਦਿਨ ਹੀ ਦਿੱਤਾ ਜਾ ਸਕਦਾ ਸੀ। ਕਿਉਂਕਿ ਇਹ ਜ਼ਰੂਰੀ ਵੀ ਤਾਂ ਨਹੀਂ ਸੀ ਕਿ ਉਸਨੂੰ ਹਰ ਰਾਤ ਹੀ ਘਰ ਛੱਡਣ ਜਾਣਾ ਪਵੇ।
ਪਹਿਲਾਂ ਤਾਂ ਉਸੇ ਵੇਲੇ ਹੀ ਮਨ ਕੀਤਾ ਕਿ ਹੁਣੇ ਹੀ ਸਾਰਾ ਬੋਰੀਆ ਬਿਸਤਰਾ ਸਮੇਟਕੇ ਰਾਤ ਦੀ ਗੱਡੀ ਹੀ ਚੜ੍ਹ ਜਾਵਾਂ ਪਰ ਅਜਿਹਾ ਕਰਨਾਂ ਮੈਂ ਠੀਕ ਨਾਂ ਸਮਝਿਆ।ਸੋਚਿਆ ਕਿ ਮਹੀਨੇ ਦੇ ਪੰਜ ਕੁ ਦਿਨ ਹੀ ਤਾਂ ਰਹਿੰਦੇ ਨੇ,ਨਾਲੇ ਤਾਂ ਸਾਰੀ ਤਨਖਾਹ ਮਿਲ ਜਾਵੇਗੀ ਨਾਲੇ ਫਰਮ ਨੂੰ ਇਨਫਾਰਮ ਕੀਤਾ ਜਾ ਸਕੇਗਾ । ਉੱਧਰ ਜੁਆਇਨ ਕਰਨ ਲਈ ਵੀ ਤਾਂ ਅਜੇ ਪੰਦਰਾਂ ਦਿਨ ਬਾਕੀ ਪਏ ਸਨ।ਇਹ ਸੋਚਕੇ ਮੈਂ ਘਰ ਚਿੱਠੀ ਲਿਖ ਦਿੱਤੀ ਕਿ ਮੈਂ ਪਹਿਲੀ ਤਰੀਕ ਨੂੰ ਆ ਰਿਹਾ ਹਾਂ।
ਪੰਜਾਂ ਦਿਨਾਂ ਦੌਰਾਨ ਹਰ ਪਲ ਇਉਂ ਲੰਘਦਾ ਰਿਹਾ ਕਿ ਵਕਤ ਨੇ ਆਪਣਾਂ ਰੁੱਖ ਬਦਲ ਲਿਆ ਹੈ।ਵਕਤ ਮੇਰੇ ਨਾਲ ਬੇਇਨਸਾਫੀ ਕਰਨ ਲੱਗ ਪਿਆ ਹੈ। ਵਕਤ ਮੈਥੋੰ ਗੁਜ਼ਰੇ ਵਕਤ ਦਾ ਕੋਈ ਬਦਲਾ ਲੈ ਰਿਹਾ ਹੈ। ਵਕਤ ਨੂੰ ਨੀਂਦ ਆ ਰਹੀ ਹੈ ਜਾਂ ਵਕਤ ਜਾਣ ਬੁੱਝਕੇ ਊਂਘਣ ਦਾ ਬਹਾਨਾ ਕਰਨ ਲੱਗ ਪਿਆ ਹੈ।
ਪਹਿਲੀ ਤਰੀਕ ਨੂੰ ਮੈਂ ਦੁਪਹਿਰ ਵਾਲੀ ਗੱਡੀ ਦੇ ਟਾਈਮ ਨੂੰ ਸਟੇਸ਼ਨ ਉੱਪਰ ਆ ਗਿਆ। ਗੱਡੀ ਤੁਰੀ ਜਾ ਰਹੀ ਸੀ। ਮਨ ਵਿਚਲੀ ਇੱਕੋ ਹੀ ਗੱਲ ਖ਼ੁਸ਼ੀ ਦੇਣ ਲਈ ਕਾਫੀ ਸੀ ਕਿ ਜਦੋਂ ਮੈਂ ਘਰ ਪਹੁੰਚਾਂਗਾ ਰਾਵੀ ਕਿੰਨੀ ਖੁਸ਼ ਹੋਵੇਗੀ। ਮੈਨੂੰ ਮਿਠਾਈ ਵੀ ਖੁਆਏਗੀ ਅਤੇ ਵਿਹੜੇ ਵਿੱਚ ਬੈਠਕੇ ਨਾਨੀ ਕੋਲ ਕੋਈ ਕੰਮ ਵੀ ਕਰਦੀ ਰਹੇਗੀ। ਇਹਨਾਂ ਛੇਆਂ ਮਹੀਨਿਆਂ ਵਿੱਚ ਤਾਂ ਉਹ ਹੋਰ ਵੀ ਸੋਹਣੀ ਹੋ ਗਈ ਹੋਣੀ ਐ। ਇਹ ਸਾਰਾ ਕੁੱਝ ਰਸਤੇ ਵਿੱਚ ਮੇਰੀਆਂ ਸੋਚਾਂ ਉੱਪਰ ਭਾਰੂ ਰਿਹਾ।ਮੈਂ ਇਹੋ ਹੀ ਸੋਚਦਾ ਰਿਹਾ ਕਿ ਰਾਵੀ ਮਿਲੇਗੀ ਤਾਂ ਉਸਦੇ ਚਿਹਰੇ ਉੱਪਰ ਕਿਹੋ ਜਿਹਾ ਰੰਗ ਹੱਸ ਰਿਹਾ ਹੋਵੇਗਾ।ਅਤੇ ਮੈਂ ਮੌਕਾ ਵੇਖਕੇ ਉਸਨੂੰ ਇੱਕ ਪਾਸੇ ਲਿਜਾਕੇ ਸਪਸ਼ਟ ਕਰ ਦਿਆਂਗਾ “ਮੈਂ ਆ ਗਿਆ ਹਾਂ। ਤੇਰੇ ਅਤੇ ਸਿਰਫ਼ ਤੇਰੇ ਲਈ ਹੀ। ਮੇਰੇ ਉਪਰ ਹੁਣ ਸਿਰਫ਼ ਤੇਰਾ ਹੀ ਅਧਿਕਾਰ ਹੈ।”
No comments:
Post a Comment