ਮੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਨੂੰ ਨੀਂਦ ਆਈ ਜਾ ਨਹੀਂ ।ਪਰ ਏਨਾ ਜ਼ਰੂਰ ਪਤਾ ਹੈ ,ਜਦੋਂ ਮੇਰੀ ਜਾਗ ਖੁੱਲ੍ਹੀ ,ਉਦੋਂ ਬਹੁਤ ਹੀ ਜ਼ਿਆਦਾ ਧੁੱਪ ਚੜ੍ਹੀ ਹੋਈ ਸੀ ।ਸੂਰਜ ਐਨ ਸਿਖਰ ਵੱਲ ਤੁਰਿਆ ਆ ਚੁਕਿਆ ਸੀ ।-‘ਤਿੰਨ ਵਾਰੀ ਚਾਹ ਤੱਤੀ ਕਰ-ਕਰ ਕੇ ਤੈਨੂੰ ਹਲੂਣਿਆਂ ਪਰ ਤੂੰ ਕੁਸਕਿਆਂ ਤੱਕ ਨਹੀਂ’… ਉੱਠ ਕੇ ਅਜੇ ਪੈਰੀਂ ਚੱਪਲਾਂ ਹੀ ਪਾਈਆਂ ਸਨ ਕਿ ਨਾਨੀ ਦੇ ਬੋਲ ਕੰਨੀ ਪਏ।… ਮੈਂ ਹੈਰਾਨ ਜਿਹਾ ਹੋਇਆ ਅੱਖਾਂ ਮਲ਼ਦਾ ਨਾਨੀ ਦੇ ਮੂੰਹ ਵੱਲ ਵੇਖਣ ਲੱਗ ਪਿਆ ।ਉਸ ਦੇ ਕਹੇ ਇਹਨਾਂ ਸ਼ਬਦਾਂ ਤੋਂ ਤਾਂ ਇਉਂ ਲੱਗਦਾ ਸੀ ਜਿਵੇਂ ਮੈਂ ਬਹੁਤ ਹੀ ਗੂੜ੍ਹੀ ਨੀਂਦ ਸੌਂ ਕੇ ਉਠਿਆ ਹੋਵਾਂ,ਪਰ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਮੇਰਾ ਕੋਈ ਦੂਜਾ ਜਨਮ ਹੋਇਆ ਹੋਵੇ।ਮੈਂ ਕਿਸੇ ਹੋਰ ਈ ਧਰਤੀ ਉੱਤੇ ਆ ਗਿਆ ਹੋਵਾਂ।ਪਰ ਨਾਲ ਨਾਲ ਇਹ ਵੀ ਸੀ ਕਿ ਮੈਂ ਪਿਛਲਾ-ਜਾਣੀ ਕੱਲ੍ਹ ਤੋਂ ਪਿਛਲਾ-ਕੁੱਝ ਵੀ ਨਹੀਂ ਭੁੱਲਿਆ ਸਾਂ ।ਸਭ ਕੁੱਝ ਮੇਰੇ ਇਉਂ ਯਾਦ ਹੈ ਜਿਵੇਂ ਨਦੀ ਦੇ ਬਰੇਤੇ ਨੂੰ ਪਾਣੀ ਦੀ ਆਮਦ ਯਾਦ ਆਉਂਦੀ ਹੈ। ਉਹੀ ਕੁੱਝ ਅੱਖਾਂ ਸਾਹਵੇ ,ਮਨ ਮਸਤਕ ਵਿੱਚ ਅੱਜ ਵੀ ਹੈ ਜੋ ਕੱਲ੍ਹ ਸੀ ।ਕੱਲ੍ਹ ਵਾਂਗ ਹੀ ਨਿਗਾਹ ਸਾਰੇ ਵਿਹੜੇ ਉੱਤੋਂ ਘੁੰਮ ਕੇ ਰਸੋਈ ਅੰਦਰ ਆ ਕੇ ਕਿਧਰੇ ਅਟਕ ਗਈ ਹੈ ਜਿਵੇਂ ਰਾਵੀ ਰਸੋਈ ਵਿੱਚ ਚਾਹ ਗਰਮ ਕਰ ਰਹੀ ਹੋਵੇ।ਹੁਣੇ ਹੀ ਗਰਮ ਚਾਹ ਲੈ ਕੇ ਆਵੇਗੀ ਅਤੇ ਅਚੇਤ ਬੈਠੇ ਹੀ ਮੇਰੀ ਗੱਲ੍ਹ ਨਾਲ ਛੁਹਾ ਕੇ, ਮੈਨੂੰ ਸੁਚੇਤ ਕਰ ਕੇ , ਮੁਸਕਰਾਉਂਦੀ ਹੋਈ ਮੇਰੇ ਹੱਥ ਚਾਹ ਦੇਕੇ ਵਾਪਸ ਰਸੋਈ ਵਿੱਚ ਪਰਤ ਜਾਵੇਗੀ ।ਬੋਲੇਗੀ ਕੁੱਝ ਵੀ ਨਹੀਂ ।ਉਂਝ ਵੀ ਉਹ ਬਹੁਤ ਘੱਟ ਬੋਲਦੀ ਹੈ।ਬਚਪਨ ਦੀਆਂ ਸਾਰੀਆਂ ਆਦਤਾਂ ਦੇ ਐਨ ਉਲਟ ।
ਦਾਤਣ ਕਰਦਾ-ਕਰਦਾ ਵਿਹੜੇ ਵਿੱਚ ਘੁੰਮ ਰਿਹਾ ਹਾਂ ।ਇੱਕ ਗੱਲ ਬਾਰ-ਬਾਰ ਚੇਤਿਆਂ ਨੂੰ ਉਕਸਾ ਰਹੀ ਹੈ ਕਿ ਆਖਰ ਨਾਨੀ ਨੂੰ ਪੁੱਛਾਂ ਤਾਂ ਕਿਵੇਂ ਪੁੱਛਾਂ?.....ਕੀ ਸੋਚੇਗੀ ਉਹ?..... ਸਬੰਧਾਂ ਅਨੁਸਾਰ ਤਾਂ ਉਹਨੂੰ ਕੁੱਝ ਸੋਚਣਾ ਹੀ ਨਹੀਂ ਚਾਹੀਦਾ ।ਬਚਪਨ ਤੋਂ ਹੀ ਅਸੀਂ ਇਕੱਠੇ ਰਹੇ ਹਾਂ।ਨਾਲੇ ਅਜੇ ਛੇ ਮਹੀਨੇ ਪਹਿਲਾਂ ਦੀ ਤਾਂ ਗੱਲ ਹੈ ਕਿ ਅਸੀਂ ਇਸੇ ਘਰ,ਇਸੇ ਵਿਹੜੇ ਵਿੱਚ ਗੱਲਾਂ ਮਾਰਦੇ ਹੁੰਦੇ ਸੀ ।ਬੇਸ਼ੱਕ ਸਾਡੇ ਵਿਚਕਾਰ ਬਹੁਤੀਆਂ ਗੱਲਾਂ ਤਾਂ ਨਹੀਂ ਸਨ ਹੁੰਦੀਆਂ ,ਪਰ ਫਿਰ ਵੀ ਇੰਨੀਆਂ ਕੁ ਤਾਂ ਹੋ ਹੀ ਜਾਂਦੀਆਂ ਸਨ ਕਿ ਜੇ ਇਥੇ ਚਾਹਾਂ ਵੀ, ਤਾਂ ਚਾਰ ਸਤਰਾਂ ਵਿੱਚ ਹੋ ਜਾਣਗੀਆਂ ।
ਦਾਤਣ ਕਰਦਾ-ਕਰਦਾ ਸਹਿਜ-ਸੁਭਾਅ ਹੀ ਘਰੋਂ ਬਾਹਰ ਹੋ ਤੁਰਿਆ ।ਬਾਹਰ ਆ ਕੇ ਜਾਵਾਂਗਾ ਕਿਧਰ? ਇਹ ਤਾਂ ਮੈਂ ਸੋਚਿਆ ਈ ਨਹੀਂ ਸੀ ।ਫਿਰ ਵੀ ਰਾਵੀ ਦੇ ਘਰ ਵੱਲ ਮੁੜ ਗਿਆ ।ਉਸ ਦੇ ਡੈਡੀ ਘਰ ਦੇ ਬਾਹਰ ਖੜ੍ਹੇ ਦਾਤਣ ਕਰ ਰਹੇ ਸਨ ।ਨਿਗਾਹ ਉਹਨਾਂ ਦੀ ਮੇਰੇ ਉੱਤੇ ਪੈ ਗਈ ਸੀ ।ਮੈਂ ਨੇੜੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ।ਉਹਨਾਂ ਨੇ ਮੇਰਾ ਹਾਲ ਚਾਲ ਪੁਛਿਆ ਅਤੇ ਉਵੇਂ ਹੀ ਗੱਲਾਂ ਮਾਰਦੇ ਮਾਰਦੇ ਆਪਣੇ ਘਰ ਅੰਦਰ ਤੁਰ ਗਏ ।ਮਨ ਅੰਦਰ ਥੋੜ੍ਹੀ ਰੇਤ ਜਿਹੀ ਕਿਰ ਗਈ ਅਤੇ ਮੈਂ ਉਥੋਂ ਦੀ ਆਪਣੇ ਘਰ ਵਾਪਸ ਆ ਗਿਆ ਪਰ ਫਿਰ ਇੱਕ ਦਮ ਇਹ ਉਦਾਸੀ ਘਰ ਕਰ ਗਈ ਕਿ ਮੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ ।ਉਹਨਾਂ ਦੇ ਮਗਰ ਹੀ ਅੰਦਰ ਚਲੇ ਜਾਣਾ ਚਾਹੀਦਾ ਸੀ . . . ਹੋ ਸਕਦੈ, ਖੁਸ਼ੀ ਵਿੱਚ ਉਹ ਮੇਰੀ ਆਮਦ ਬਾਰੇ ਹੀ ਦੱਸਣ ਗਏ ਹੋਣ. . .ਨਹੀਂ ,ਉਹ ਮੈਨੂੰ ਨਾਲ ਲੈ ਕੇ ਤਾਂ ਵੀ ਜਾ ਸਕਦੇ ਸਨ ।ਇਹ ਕਿਹੜੀ ਗੱਲ ਹੈ ਬਈ ਉਹਨਾਂ ਨੂੰ ਹੁਣੇ ਹੀ ਪਤਾ ਲੱਗਿਆਂ ਹੋਵੇ ।ਇਉਂ ਤਾਂ ਕਦੀ ਵੀ ਨਹੀਂ ਹੋ ਸਕਦਾ ।
ਚਾਹ ਪੀ ਕੇ ਫੇਰ ਮੰਜੇ ਉੱਤੇ ਲੇਟ ਗਿਆ ।ਰਜਾਈ ਤਾਣ ਲਈ ।ਪਤਾ ਨਹੀਂ ਕਿੰਨੀ ਕੁ ਦੇਰ ਪਿਆ ਰਿਹਾ,ਪਰ ਜਦੋਂ ਉਠਿਆ ਤਾਂ ਬਾਹਰ ਚੁੱਲ੍ਹੇ ਉੱਤੇ ਸਿਰ ਨਹਾਉਣ ਲਈ ਰੱਖਿਆ ਪਾਣੀ ਉੱਬਲ ਉੱਬਲ ਕੇ ਕਮਲਾ ਹੋ ਰਿਹਾ ਸੀ।ਬੱਸ ਉਸ ਵੇਲੇ ਜੇ ਕੁੱਝ ਆਪਣਿਆਂ ਵਰਗਾ ਲੱਗਿਆ ਤਾਂ ਉਹ ਤੱਤਾ ਪਾਣੀ ਸੀ ਜਿਸ ਨੂੰ ਮੈਂ ਥੋੜ੍ਹੀ ਦੇਰ ਬਾਦ ਆਪਣੇ ਸਿਰ ਤੋਂ ਵਾਰਨਾ ਸੀ।
ਕੋਸੀ ਧੁੱਪ ਸੀ ਹਰ ਕਿਸੇ ਵਾਂਗ ਮੈਨੂੰ ਵੀ ਪਿਆਰੀ ਲੱਗੀ।ਸਿਰਫ ਇਸੇ ਲਾਲਚ ਨਾਲ ਮਾਲਿਸ਼ ਕਰਨ ਲਈ ਕੋਠੇ ਉੱਪਰ ਚੜ੍ਹ ਗਿਆ ਕਿ ਰਾਵੀ ਨਜ਼ਰੀਂ ਪੈ ਜਾਵੇਗੀ ਪਰ ਉੱਪਰ ਚੜ੍ਹਦਿਆਂ ਹੀ ,ਇਹ ਖ਼ਿਆਲ ਪਤਾ ਨਹੀਂ ਕਿਉਂ ਦਿਮਾਗ ਵਿੱਚੋਂ ਉਹਲੇ ਹੋ ਗਿਆ।ਆਪਣੀ ਇਹ ਸੋਚਣੀ ਵੀ ਫਜ਼ੂਲ ਜਿਹੀ ਲੱਗੀ ।ਨਹਾ ਕੇ, ਕੱਪੜੇ ਪਾ ਕੇ ਜਦੋਂ ਮੈਂ ਬਾਥਰੂਮ ਵਿੱਚੋਂ ਨਿਕਲਿਆ ਤਾਂ ਇਹ ਫੈਸਲਾ ਚੰਗੀ ਤਰਾਂ ਕਰ ਚੁਕਿਆ ਸੀ ਕਿ ਹੁਣ ਨਾਨੀ ਤੋਂ ਉਸ ਬਾਰੇ ਪੁੱਛ ਹੀ ਲੈਣੈ, ਜਿਸ ਉਪਰ ਮੈਂ ਆਪਣਾ ਬਹੁਤਾ ਹੀ ਅਧਿਕਾਰ ਸਮਝੀ ਬੈਠਾ ਸੀ।ਅਧਿਕਾਰ ਸੀ ਵੀ ਮੇਰਾ ,ਬਚਪਨ ਦੇ ਸਾਥੀਆਂ ਉੱਤੇ ਕੀਹਦਾ ਅਧਿਕਾਰ ਨਹੀਂ ਹੁੰਦਾ ।ਨਾਨੀ ਰੋਟੀ ਲੈ ਕੇ ਮੇਰੇ ਕੋਲ ਆਈ ਅਤੇ ਮੈਨੂੰ ਫੜਾ ਕੇ ਮੇਰੇ ਸਾਹਮਣੇ ਹੀ ਬੈਠ ਗਈ ।ਇੱਕ ਦੋ ਬਾਰ ਮੈਂ ਨਾਨੀ ਦੇ ਚਿਹਰੇ ਵੱਲ ਵੇਖਿਆ,ਇੱਕ ਦੋ ਬਾਰ ਰੋਟੀ ਦੀ ਥਾਲੀ ਵੱਲ . . . . .।
‘-ਹੈਂ ਬੇਬੇ,. . ਕਿਵੇਂ ਰਾਵੀ ਹੁਣ ਏਥੇ ਆਉਣੋਂ ਹਟਗੀ?’. . ਮੈਨੂੰ ਪਤਾ ਹੀ ਨਾਂ ਲੱਗਿਆ ਕਿ ਪਹਿਲੀ ਬੁਰਕੀ ਤੋੜਦੇ ਤੋਂ ਇਹ ਸ਼ਬਦ ਕਦੋਂ ਮੇਰਿਆਂ ਬੁੱਲ੍ਹਾਂ ਵਿੱਚੋਂ ਕਿਰ ਗਏ ।ਜੇ ਮੈਨੂੰ ਪਤਾ ਹੁੰਦਾ, ਤਾਂ ਮੈਂ ਸ਼ਾਇਦ ਉਸ ਵੇਲੇ ਹੀ ਨਾਨੀ ਦਾ ਚਿਹਰਾ ਭਾਪਣ ਲਈ ਨਾਨੀ ਵੱਲ ਤੱਕਦਾ ।
‘-ਆਉਂਦੀ ਕਿਉਂ ਨੀ ,ਆਉਂਦੀ ਹੁੰਦੀ ਐ।’ ਨਾਨੀ ਦੇ ਬੋਲ ਮੈਨੂੰ ਸਪਸ਼ਟ ਸੁਣਾਈ ਦਿੱਤੇ ।ਪਰ ਇਹਨਾਂ ਬੋਲਾਂ ਦੀ ਰੌਅ ਕਿਹੋ ਜਿਹੀ ਸੀ ?ਇਹਨਾਂ ਨੂੰ ਬੋਲਣ ਵੇਲੇ ਨਾਨੀ ਦਾ ਭਾਵ ਕੀ ਸੀ ?ਇਹ ਬੋਲਣ ਵੇਲੇ ਨਾਨੀ ਦੀ ਨਿਗਾਹ ਕਿਧਰ ਸੀ ? ਇਹ ਬੋਲਣ ਵੇਲੇ ਨਾਨੀ ਦੀਆਂ ਉਂਗਲਾਂ ਅਤੇ ਮੱਥਾ ਕਿਸ ਹਰਕਤ ਵਿੱਚ ਸੀ ? ਇਹ ਸਾਰਾ ਕੁੱਝ ਮੈਂ ਰੱਤੀ-ਭਰ ਵੀ ਵੇਖ ਨਹੀਂ ਸਕਿਆ।ਪਰ ਇਹ ਜੁਆਬ ਸੁਣ ਕੇ ਇਉਂ ਜ਼ਰੂਰ ਜਾਪਿਆ ਜਿਵੇਂ ਮੂੰਹ ਵਿੱਚ ਪਾਈ ਬੁਰਕੀ ਚਿੱਥੀ ਜਿਹੀ ਨਾਂ ਜਾ ਸਕੀ ਹੋਵੇ ।
‘-ਐਥੇ ਈ ਐ ,ਜਾ ਕਿਤੇ ਬਾਹਰ ਗਈ ਹੋਈ ਹੈ ?’ ਇਸ ਵੇਰ ਮੇਰੀਆਂ ਅੱਖਾਂ ਨਾਨੀ ਦੇ
ਚਿਹਰੇ ਉੱਤੇ ਸਨ ਅਤੇ ਉਗਲਾਂ ਥਾਲ਼ੀ ਵਿੱਚ ਘੁੰਮ ਰਹੀਆਂ ਸਨ ।
‘-ਐਥੇ ਈ ਐ,’।ਨਾਨੀ ਦਾ ਭਾਵ ਸਹਿਜ ਸੀ ।ਅੱਖਾਂ ਵੀ ਮੇਰੀਆਂ ਅੱਖਾਂ ਵਿੱਚ ਹੀ ਸਨ ।ਫਿਰ ਭਲਾ ਮੈਂ ਕੀ ਸਮਝਾਂ?
‘-ਫੇਰ ਆਈ ਕਿਉਂ ਨ੍ਹੀ ?’ ਮੇਰੀ ਅਵਾਜ਼ ਵਿੱਚ ਤੀਬਰਤਾ,ਮੋਹ,ਮਾਯੂਸੀ ਅਤੇ ਰੁਖਾਈ ਵੀ ਸੀ ।ਤੇ ਕਿਸੇ ਹੱਦ ਤੱਕ ਬਹੁਤ ਹੀ ਜਿਆਦਾ ਅਪਣੱਤ।ਸ਼ਬਦ ਬੋਲਣ ਤੋਂ ਬਾਅਦ ਇਹ ਸਾਰਾ ਕੁੱਝ ਮੈਂ ਆਪ ਹੀ ਸਮਝ ਗਿਆ ।
‘………’,ਨਾਨੀ ਕੁੱਝ ਨਹੀਂ ਬੋਲੀ ਸਗੋਂ ਬਾਹਰਲੇ ਬੂਹੇ ਵੱਲ ਏਦਾਂ ਤੱਕਣ ਲੱਗ ਪਈ ਜਿਵੇਂ ਕੋਈ ਅਜਨਬੀ ਅੰਦਰ ਆ ਰਿਹਾ ਹੋਵੇ।
ਮੈਨੂੰ ਇਉਂ ਲੱਗਿਆ ,ਜਿਵੇਂ ਨਾਨੀ ਨੂੰ ਮੇਰੀ ਗੱਲ ਸੁਣੀ ਹੀ ਨਾ ਹੋਵੇ ਜਾਂ ਕਿਤੇ ਸੁਣ ਕੇ ਉਹ ਅਣਗੌਲੀ ਹੀ ਨਾ ਕਰ ਰਹੀ ਹੋਵੇ. . . ਪਰ ਨਹੀਂ ,ਉਸ ਵਿੱਚ ਏਦਾਂ ਦਾ ਵਲ ਫੇਰ ਕੋਈ ਨਹੀਂ ਸੀ।
ਬੈਠੀ-ਬੈਠੀ ਨੇ ਉਸ ਨੇ ਮੇਰੇ ਵੱਲ ਦੇਖਿਆਂ ਜਾਂ ਨਹੀ ,ਪਰ ਜਦੋਂ ਮੁੜ ਕੇ ਵਾਪਸ ਆਈ ਤਾਂ ਉਸਦੇ ਹੱਥਾਂ ਵਿੱਚ ਦੋ ਰੋਟੀਆਂ ਸਨ ।ਮੈਥੋਂ ਬਿਨਾ ਪੁੱਛੇ ਹੀ ਉਸਨੇ ਮੇਰੀ ਥਾਲੀ ਵਿੱਚ ਰੱਖੀਆਂ ਅਤੇ ਮੇਰੇ ਸਾਹਮਣੇ ਬੈਠ ਗਈ ।
‘-ਉਸ ਦੀ ਪੜ੍ਹਾਈ ਵਧੀਆ ਚਲਦੀ ਐ ਬੇਬੇ ਹੁਣ ?’ ਮੈਂ ਫਿਰ ਆਪਣੇ ਵੱਲੋਂ ਛੋਹੀ ਗੱਲ ਨੂੰ ਸਿਰੇ ਲਾਉਣਾ ਚਾਹੁੰਦਾ ਸੀ।
‘-ਹੁਣ ਤਾਂ ਕਈ ਦਿਨਾਂ ਦੀ ਜਾਣੀਂਦੀ ਪੜ੍ਹਨ ਜਾਣੋਂ ਜਾਣੋ ਹਟਗੀ ,’ ਇਸ ਵੇਰ ਇਉਂ ਮਹਿਸੂਸ ਹੋਇਆ ,ਜਿਵੇਂ ਨਾਨੀ ਦੇ ਬੋਲਾਂ ਵਿੱਚ ਬੇਵਸੀ ਘੁਲ਼ੀ ਹੋਵੇ ।
‘-ਕਿਉਂ ਬੱਸ ਥੱਕਗੀ ?’ ਮੇਰੇ ਬੋਲਾਂ ਵਿੱਚ ਵੀ ਉਦਾਸੀ ਸੀ ।
‘-ਥੱਕੀ ਕਾਹਨੂੰ ,ਥਕਾਤੀ ਪੁੱਤ ’।ਨਾਨੀ ਦੇ ਅੰਦਰੋਂ ਹਉਕਾ ਨਿਕਲਿਆ।
‘-ਕੀ . . . . . ਈ ‘ . . . ਲੱਗਿਆ ਜਿਵੇਂ ਮੂੰਹ ਦੀ ਬੁਰਕੀ ਫੁੱਲੀ ਤਾਂ ਨਹੀਂ ਸੀ,ਪਰ . . . ਛੇਤੀ ਹੀ ਫੁੱਲਣ ਲੱਗ ਪਏਗੀ।
‘-ਆਉਂਦੇ ਐਤਵਾਰ ਨੂੰ ਉਹਦਾ ਵਿਆਹ ਐ. . . । ਪੂਰੇ ਸੱਤ ਦਿਨ ਨੇ।’
ਪਿਛਲੀ ਗੱਲ ਮੈਨੂੰ ਸੁਣੀ ਨਹੀਂ ।ਲੱਗਿਆ ਜਿਵੇਂ ਮੇਰੇ ਪੈਰਾਂ ਹੇਠੋਂ ਸਹਾਰਾ ਖਿੱਚ ਲਿਆ ਗਿਆ ਹੋਵੇ।. . . ਮੈਨੂੰ ਹੱਥੂ ਆ ਗਿਆ ਅਤੇ ਮੂੰਹ ਵਿਚਲੀ ਬੁਰਕੀ ਥਾਲ਼ੀ ਵਿੱਚ ਡਿੱਗ ਪਈ।. . .ਮੈਨੂੰ ਆਪਣਾ ਅੰਬਰ ਛਲਣੀ –ਛਲਣੀ ਜਾਪਿਆ ।
ਮੇਰੀ ਆਪਣੀ ਰੂਹ. . ਮੇਰੀ ਹਿੱਕ ਅੰਦਰ ਤੜਫ਼ ਰਹੀ ਸੀ।
ਕੰਧਾਂ ਤੋਂ ਪਰਛਾਵੇਂ ਉਤਰਦੇ ਨਿੱਤ ਤੱਕਦਾ ਸਾਂ ।ਆਪਣੇ ਜਿਸਮ ਤੋਂ ਸੱਪ ਉਤਰਦੇ ਮੈਂ ਪਹਿਲੀ ਵਾਰ ਤੱਕੇ।