Wednesday, January 7, 2009

ਕਾਂਡ - ਇੱਕ

ਛੋਟੇ ਸ਼ਟੇਸ਼ਨਾਂ ਨੂੰ ਛੱਡਦੀ, ਮੇਨ ਸਟੇਸ਼ਨਾਂ ਉੱਤੇ ਰੁਕਦੀ ਆਪਣੀ ਤੇਜ਼ ਰਫਤਾਰ ਦੀ ਅਧੀਨਗੀ ਹੇਠ ਪੰਜਾਬ ਮੇਲ ਤੁਰੀ ਜਾ ਰਹੀ ਹੈ।

ਫਿਸ਼-ਪਲੇਟਾਂ ਵਾਲੇ ਜੋੜਾਂ ਉਪਰੋਂ ਲੰਘਣ ਵੇਲੇ ਪਹੀਆਂ ਦੀ ਖੜ-ਖੜ ਮੁਸਾਫਰਾਂ ਦੇ ਕੰਨੀ ਪੈ ਰਹੀ ਹੈਕੁੱਝ ਮੁਸਾਫ਼ਰ ਸੁੱਤੇ ਪਏ ਹਨ ਅਤੇ ਕੁੱਝ ਉਂਜ ਹੀ ਲੇਟੇ ਹੋਏ, ਪਰ ਇਸ ਰਿਜ਼ਰਵੇਸ਼ਨ ਵਾਲੇ ਡੱਬੇ ਵਿੱਚ ਬੈਠਾ ਕੋਈ ਵੀ ਨਹੀਂ ਹੈ ਮੈਂ ਆਪਣੀ ਬਰਥ ਉਪਰ ਸਿਰ ਹੇਠਾਂ ਬਾਹਾਂ ਦੇਈ ਪਹੀਆਂ ਦੀ ਖੜ-ਖੜ ਸੁਣ ਰਿਹਾ ਹਾਂ



ਬਾਹਰ ਗੂੜ੍ਹੇ ਹਨੇਰੇ ਦੀ ਸਲਤਨਤ ਕੋਹਾਂ ਤੀਕ ਫੈਲੀ ਹੋਈ ਹੈ ਇਸ ਦਾ ਪਤਾ ਡੱਬੇ ਵਿੱਚ ਜਗਦੀਆਂ ਨਿਊਨ-ਲਾਈਟਾਂ ਜਾਂ ਜੱਲਾਦ ਦੇ ਸਿਰ ਵਾਂਗ ਚਮਕਦੇ ਘੜੀ ਦੇ ਡਾਇਲ ਉਪਰ ਰੀਂਘਦੇ ਇਕ ਦੇ ਟਾਇਮ ਤੋਂ ਲੱਗਦਾ ਹੈ ਦੂਰ ਕਿਤੇ ਮੋਟਰਾਂ ਦੇ ਕੋਠਿਆਂ ਦੀਆਂ ਲਾਈਟਾਂ ਵੀ ਚਮਕਦੀਆਂ ਹੋਣਗੀਆਂ



ਟਾਵੇਂ-ਟੱਲੇ ਟਿੱਬਿਆਂ ਉੱਤੇ ਰੇਤ ਵੀ ਚਮਕਦੀ ਹੋਵੇਗੀ ਜੰਗਲ ਦੀ ਪਗਡੰਡੀ ਵਾਂਗ ਖਾਲ਼ਾਂ ਵਿੱਚ ਵਲ਼-ਵਲ਼ੇਵੇਂ ਪਾਣੀ ਵਗ ਰਿਹਾ ਹੋਵੇਗਾਇਹ ਸਾਰਾ ਕੁੱਝ ਇਸ ਮੌਕੇ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਵੇਖਿਆ ਨਹੀਂ

ਮੈਂ ਆਪਣੇ ਉਪਰ ਲਿਆ ਕੰਬਲ ਹੋਰ ਘੁੱਟ ਲੈਂਦਾ ਹਾਂਠੰਡ ਲੱਗਦੀ ਤਾਂ ਨਹੀਂ, ਪਰ ਇਉਂ ਲੱਗਦਾ ਹੈ, ਲੱਗਣ ਜ਼ਰੂਰ ਲੱਗ ਪਵੇਗੀ ਉਂਜ ਅਜੇ ਏਨੀਂ ਗਾੜ੍ਹੀ ਸਰਦੀ ਵੀ ਨਹੀਂ ਕਿ ਕੋਟ-ਸਵੈਟਰ ਪਹਿਨੇ ਜਾ ਸਕਣ, ਪਰ ਮੈਂ ਫਿਰ ਵੀ ਸਵੈਟਰ ਪਾ ਲਿਆ ਸੀ ਅਤੇ ਘਰੋਂ ਤੁਰਨ ਵੇਲੇ ਕੰਬਲ ਵੀ ਨਾਲ ਇਸੇ ਕਰਕੇ ਲੈ ਲਿਆ ਸੀ ਕਿ ਜਿੱਥੇ ਪਹੁੰਚਣਾ ਹੈ, ਉਸ ਸ਼ਹਿਰ ਦਾ ਮੌਸਮ ਪਤਾ ਨਹੀਂ ਕਿਹੋ ਜਿਹਾ ਹੋਵੇਗਾ ਵੈਸੇ ਵੀ ਇਹੋ ਜਿਹੇ ਦਿਨ ਤਾਂ ਆ ਗਏ ਹਨ ਕਿ ਠੰਡ ਨਾ ਲੱਗਣ ਦੇ ਬਾਵਜੂਦ ਵੀ ਕੰਬਲ ਉਪਰ ਲੈਣਾ ਚੰਗਾ ਲੱਗਦਾ ਹੈ

----

ਸਟੇਸ਼ਨਾਂ ਉੱਪਰ ਰੁਕ ਕੇ ਗੱਡੀ ਤੁਰਦੀ ਹੈ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਕਿਹੜਾ ਸਟੇਸ਼ਨ ਲੰਘ ਗਿਆ ਹੈ,ਕਿਹੜਾ ਨਹੀਂਏਨਾ ਜ਼ਰੂਰ ਪਤਾ ਹੈ ਕਿ ਸਫ਼ਰ ਛੋਟਾ ਹੁੰਦਾ ਜਾ ਰਿਹਾ ਹੈਮੈਂ ਸਵੇਰੇ ਸਾਝਰੇ ਹੀ ਦਿੱਲੀ ਪਹੁੰਚ ਜਾਵਾਂਗਾ ਅਤੇ ਆਪਣੇ ਦਫਤਰ ਦਾ ਕੰਮ ਨਬੇੜ ਕੇ ਛੇਤੀ ਨਾਲ ਵਾਪਸ ਪਰਤ ਪਵਾਂਗਾ, ਪਰ ਨਹੀਂ, ਰਾਵੀ ਨੂੰ ਵੀ ਤਾਂ ਮਿਲ ਕੇ ਆਉਣਾ ਹੈਮੇਰੀ ਨਾਨੀ ਅਤੇ ਰਾਵੀ ਦੀ ਮੰਮੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਰਾਵੀ ਨੂੰ ਜ਼ਰੂਰ ਮਿਲ ਕੇ ਆਵਾਂਜੇ ਹੋ ਸਕੇ ਤਾਂ ਕੁੱਝ ਦਿਨਾਂ ਲਈ ਨਾਲ ਹੀ ਲੈ ਆਵਾਂ, ਮਿਲ਼ ਜਾਵੇਗੀ


ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ,ਪਰ ਅੱਖਾਂ ਵਿੱਚ ਨੀਂਦ ਕਿੱਥੇ? ਕਿਸੇ ਚਲਚਿੱਤਰ ਵਾਂਗ ਰਾਵੀ ਹੀ ਅੱਖਾਂ ਅੱਗੋਂ ਘੁੰਮ ਰਹੀ ਹੈਜਿੰਨੀ ਜ਼ੋਰ ਦੀ ਅੱਖਾਂ ਬੰਦ ਕਰਦਾ ਹਾਂ,ਉਹ ਉਨੀਂ ਹੀ ਹੋਰ ਗੂੜ੍ਹੀ ਹੋਕੇ ਮੇਰੇ ਨਜ਼ਦੀਕ ਜਿਹੇ ਆ ਜਾਂਦੀ ਹੈ


ਬਹੁਤ ਹੀ ਸੁਖਾਵਾਂ ਮਾਹੌਲ ਉਸਰ ਗਿਆ ਸੀਮੈਂ ਆਪਣੇ ਦਫਤਰ ਦੇ ਕਰਮਚਾਰੀਆਂ ਵਿੱਚ ਚੰਗੀ ਤਰ੍ਹਾਂ ਰਚ ਮਿਚ ਗਿਆ ਸਾਂਚੇਤਿਆਂ ਉਪਰ ਕੁੱਝ ਵੀ ਭਾਰੂ ਨਹੀਂ ਸੀ ਰਿਹਾਬੱਸ ਜੇ ਕਦੀ-ਕਦਾਈਂ ਕੋਈ ਕਸਕ ਜਿਹੀ ਉਠਦੀ ਤਾਂ ਜਗਜੀਤ ਸਿੰਘ, ਗੁਲਾਮ ਅਲੀ ਦੀਆਂ ਕੈਸਿਟਾਂ ਸੁਣ ਕੇ ਠਰੰਮਾ ਜਿਹਾ ਦੇ ਲੈਂਦਾ ਸਾਂ
----

ਪਹਿਲਾਂ-ਪਹਿਲਾਂ ਇਸੇ ਦਫ਼ਤਰ ਦਾ ਮਾਹੌਲ ਕੌੜਾ ਲੱਗਦਾ ਸੀ, ਪਰ ਹੁਣ ਉਹ ਗੱਲ ਨਹੀਂ ਸੀ ਰਹੀ ਦੋਸਤੀਆਂ ਬਣ ਗਈਆਂ ਸਨਹਰ ਰੋਜ਼ ਹੱਸੀ ਖੇਡੀਦਾ ਸੀਕਦੀ-ਕਦੀ ਪੈਗ ਵੀ ਸਾਂਝੇ ਹੋ ਜਾਂਦੇ ਸਨ ਅਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਸਾਹਿਤਕ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋ ਗਿਆ ਸਾਂਕਦੀ ਵੀ ਇਉਂ ਨਹੀਂ ਸੀ ਲੱਗਿਆ, ਜਿਵੇਂ ਮੇਰਾ ਕੁੱਝ ਖੋ ਗਿਆ ਹੋਵੇ ਕਦੀ ਵੀ ਇਉਂ ਨਹੀਂ ਲੱਗਿਆ,ਕਿ ਮੈਂ ਕਿਸੇ ਦੀ ਤਲਾਸ਼ ਵਿੱਚ ਭਟਕ ਰਿਹਾ ਹੋਵਾਂਹਾਂ! ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਕਦੀ-ਕਦਾਈ ਹੀ ਹੁਣ ਤਾਂ ਕੋਈ ਕਸਕ ਜਿਹੀ ਉਠਦੀ ਸੀ


ਪਹਿਲਾਂ ਤਾਂ ਕਦੇ ਇਹੋ ਜਿਹਾ ਮਾਹੌਲ ਵੀ ਬਣ ਗਿਆ ਸੀ ਕਿ ਮੈਂ ਹਰ ਰੋਜ਼ ਹੀ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀਦਫ਼ਤਰ ਆਉਂਦਾ ਤਾਂ ਬੱਸ ਵਕਤ ਪੂਰਾ ਕਰਨ ਲਈ ਹੀ ਨੌਕਰੀ ਜੋ ਕਰਨੀ ਹੋਈ


ਇਹ ਕਿਹੋ ਜਿਹਾ ਮੌਸਮ ਸੀ ਜੋ ਮੇਰੇ ਰਾਸ ਨਾ ਆਇਆ


ਕਿੰਨੀਆਂ ਹੀ ਸੁੱਖਾਂ ਸੁੱਖਣ ਤੋਂ ਬਾਅਦ ਮੇਰੇ ਨਾਨਕੇ ,ਜਾਣੀ ਮੇਰੇ ਸ਼ਹਿਰ ਹੀ ਪੋਸਟਿੰਗ ਹੋਈ ਸੀਆਪਣਾਇਸ ਲਈ ਕਿਹਾ ਹੈ ਕਿ ਮੇਰੇ ਪਿੰਡ ਤੋਂ ਜ਼ਿਆਦਾ ਇਹ ਸ਼ਹਿਰ ਮੇਰਾ ਹਮਸਫ਼ਰ ਰਿਹਾ ਹੈ ਅਤੇ ਹੁਣ ਵੀ ਹੈਮੇਰੇ ਪਿੰਡ ਵਿੱਚ ਮੇਰੀ ਉਨੀ ਵਾਕਫ਼ੀਅਤ ਨਹੀਂ ਜਿੰਨੀ ਇਸ ਸ਼ਹਿਰ ਵਿੱਚ ਹੈਬੱਸ ਇਹ ਵਾਕਫ਼ੀਅਤ ਹੀ ਹੁੰਦੀ ਹੈ ਜਿਸ ਕਰਕੇ ਕਈ ਵਸਤੂਆਂ ਤੁਹਾਨੂੰ ਆਪਣੀਆਂ ਲੱਗਣ ਲੱਗਦੀਆਂ ਹਨਪਰ ਫਿਰ ਵੀ ਇਹ ਕਿਹੋ ਜਿਹਾ ਗਾੜ੍ਹਾਪਣ ਸੀ ਕਿ ਮੈਨੂੰ ਪਤਾ ਨਹੀਂ ਕਿਉਂ ਲੱਗਣ ਲੱਗ ਪਿਆ ਕਿ ਮੈਂ ਏਨੀਆਂ ਵਾਕਫੀਅਤਾਂ ਵਿੱਚ ਵੀ ਇਕੱਲਾ ਹਾਂਜੀਅ ਕਰਦਾ ਸੀ,ਆਪਣੇ ਇਸ ਸ਼ਹਿਰ ਨੂੰ ਛੱਡ ਕੇ ਫਿਰ ਦਿੱਲੀ ਜਾ ਕੇ ਉਹੀ ਪ੍ਰਾਈਵੇਟ ਨੌਕਰੀ ਕਰ ਲਵਾਂਪਰ ਮੈਂ ਅਜਿਹਾ ਕਰ ਨਹੀਂ ਸੀ ਸਕਿਆ ਸੋਚਾਂ ਉਪਰ ਹੀ ਕੁੱਝ ਅਜਿਹੀ ਬੱਦਲ਼ਵਾਈ ਭਾਰੂ ਹੋ ਗਈ ਸੀ ਕਿ ਆਪਣੇ ਆਪ ਨੂੰ ਹੀ ਪਛਾਨਣ ਤੋਂ ਇਨਕਾਰੀ ਸਾਂ
----

ਇਹ ਕਿਹੋ ਜਿਹਾ ਪਾਣੀ ਸੀ ਕੋਲ ਵਗਦਾ ਵੀ ਮੈਨੂੰ ਮਾਰੂਥਲ ਦੀ ਲੀਕ ਲੱਗਣ ਲੱਗ ਪਿਆ ਸੀਮੈਂ ਵਕਤ ਨੂੰ ਫੜਨਾ ਚਾਹਿਆ ਸੀ, ਪਰ ਵਕਤ ਮੈਨੂੰ ਬਹੁਤ ਵੱਡਾ ਧੱਕਾ ਦੇ ਕੇ ਦੂਣੋ-ਦੂਣੀ ਅਗਾਂਹ ਲੰਘ ਗਿਆ ਸੀ


ਮੈਂ ਡਿੱਗ ਪਿਆ ਸਾਂਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਹੁਣ ਮੈਨੂੰ ਮਹਰਮਪੱਟੀ ਕਰਨ ਦੀ ਬਜਾਏ ਗੁਬਾਰਿਆਂ ਦਾ ਤਮਾਸ਼ਾ ਵਿਖਾਇਆ ਜਾ ਰਿਹਾ ਸੀਇਹ ਸਭ ਕੀ ਸੀ? ਇਹ ਕੌਣ ਸਨ? ਮੇਰੇ ਨਾਲ ਹੀ ਨਹੀਂ, ਸ਼ਾਇਦ ਹਰ ਕਿਸੇ ਨਾਲ ਇਵੇਂ ਹੀ ਹੁੰਦਾ ਹੈ


ਦਫਤਰ ਵਿੱਚ ਦੋਸਤੀਆਂ ਦਾ ਘੇਰਾ ਫੈਲਣ ਲੱਗ ਪਿਆਮਾਹੌਲ ਬਹੁਤ ਹੀ ਸੁਖਾਵਾਂ ਹੋ ਗਿਆ ਮੈਂ ਆਪ ਹੈਰਾਨ ਸੀ ,ਕਿ ਮੇਰੇ ਸੁਭਾਅ ਵਿੱਚ ਏਨਾ ਬਦਲਾਅ ਆਇਆ ਕਿਵੇਂ ਕਿ ਹਰ ਕੋਈ ਮੇਰੀ ਦੋਸਤੀ ਨੂੰ ਤਾਂਘਣ ਲੱਗ ਪਿਆ ? ਕੰਮ ਵਿੱਚ ਬਹੁਤ ਜੀਅ ਲੱਗਣ ਲੱਗ ਪਿਆ ਸੀ


ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ ਪਰ ਹਰ ਵੇਲੇ ਇੱਕ ਹੀ ਚਿਹਰਾ ਅੱਖਾਂ ਅੱਗੇ ਆ ਖਲੋਂਦਾ ਹੈ, ਰਾਵੀ……ਰਾਵੀ……!
ਸ਼ਾਮ ਨੂੰ ਰਾਵੀ ਦੀ ਮੰਮੀ ਨਾਨੀ ਕੋਲ ਆਈ ਤਾਂ ਨਾਨੀ ਨੇ ਕਿਹਾ, ‘ਲਾਲੀ ਦਿੱਲੀ ਚੱਲਿਐ ਜੇ ਮਿੰਨੀ ਨੂੰ ਕੋਈ ਸੁਨੇਹਾ ਦੇਣੈ ਤਾਂ।ਇਹ ਗੱਲ ਸੁਣਦਿਆਂ ਹੀ ਮੇਰੇ ਮਨ ਅੰਦਰ ਕਿਸੇ ਅਸਹਿ ਚੀਸ ਨੇ ਜਨਮ ਲੈ ਲਿਆਇਸ ਕਿਹੋ ਜਿਹੇ ਸਫਰ ਉੱਤੇ ਮੈਂ ਜਾਣਾ ਸੀ ਕਿ ਰਾਵੀ ਨੇ ਸਾਰੇ ਰਾਹ ਮੇਰੇ ਨਾਲ ਹੋਣਾ ਸੀ ਪੁਰਾਣੀਆਂ ਬੁੜ੍ਹੀਆਂ, ਉਹਨਾਂ ਨੂੰ ਕੀ ਪਤਾ ਕਿ ਦਿੱਲੀ ਐਨਾ ਛੋਟਾ ਜਿਹਾ ਸ਼ਹਿਰ ਨਹੀਂ ਕਿ ਆਸਾਨੀ ਨਾਲ ਹੀ ਸੁਨੇਹਾ ਦਿੱਤਾ ਜਾ ਸਕੇ ਉਹਨਾਂ ਨੂੰ ਕੀ ਪਤਾ ਮੈਂ ਕਿੱਡੇ ਜ਼ਰੂਰੀ ਕੰਮ ਚੱਲਿਆ ਹਾਂ, ਰਾਵੀ ਨੂੰ ਸੁਨੇਹਾ ਦੇਣ ਦੀ ਵਿਹਲ ਕਿੱਥੇ ? ਪਰ ਉਸ ਦੀ ਮੰਮੀ ਨੂੰ ਵੀ ਮਸਾਂ ਮੌਕਾ ਮਿਲਿਆ ਸੀ ਅਤੇ ਉਸ ਨੇ ਆ ਕੇ ਤੁਰੰਤ ਮੈਨੂੰ ਉਹੀ ਕੁੱਝ ਕਹਿ ਦਿੱਤਾ ਜੋ ਕੁੱਝ ਨਾਨੀ ਨੇ ਉਸ ਨੂੰ ਕਿਹਾ ਸੀ


ਦੋਹਾਂ ਨੇ ਇਹ ਕੀ ਕੀਤਾ ?


ਸ਼ਾਂਤ ਵਗਦੀ ਨਦੀ ਉਪਰ ਡੀਟੀਆਂ ਕਿਉਂ ਮਾਰਨ ਲੱਗ ਪਈਆਂ ?


ਸ਼ਾਮ ਤੋਂ ਹੀ ਇਉਂ ਲੱਗ ਰਿਹਾ ਹੈ,ਦਿੱਲੀ ਪਹੁੰਚ ਵੀ ਸਕਾਂਗਾ ਜਾਂ ਨਹੀਂ ?ਬੱਸ ਇਉਂ ਹੀ ਲੱਗ ਰਿਹਾ ਹੈ ਕਿ ਹੁਣ ਮੈਂ ਕਿਤੇ ਵੀ ਪਹੁੰਚ ਨਹੀਂ ਸਕਣਾ ਰਾਵੀ ਲਈ ਤਾਂ ਮੈਂ ਦਿੱਲੀ ਨੂੰ ਠੋਹਕਰ ਮਾਰ ਕੇ ਆਪਣੇ ਸ਼ਹਿਰ ਆਇਆ ਸੀ


ਹੁਣ ਮੈਂ ਫਿਰ ਦਿੱਲੀ ਜਾ ਰਿਹਾ ਹਾਂਪਰ ਇਹ ਮੇਰੇ ਉਪਰ ਨਿਰਭਰ ਕਰਦਾ ਹੈ ਕਿ ਮਿੰਨੀ ਨੂੰ ਮਿਲ਼ਾਂ ਜਾਂ ਨਾਮੇਰੀ ਪਹਿਲ ਮੇਰੇ ਅਤਿ ਜ਼ਰੂਰੀ ਦਫਤਰੀ ਕੰਮ ਵੱਲ ਹੈ ਪਰ ਇਹ ਪਹਿਲ ਵੀ ਤਦ ਹੀ ਪੂਰੀ ਹੋਵੇਗੀ ਜੇ ਮੈਂ ਸਾਲਮ ਦਾ ਸਾਲਮ ਦਿੱਲੀ ਪਹੁੰਚਾਂਗਾ


ਆਪਣੇ ਸਲੀਪਰ ਉਪਰ ਬੈਠਣ ਦੀ ਕੋਸ਼ਿਸ਼ ਕਰਦਾ ਹਾਂਚੰਗੀ ਤਰ੍ਹਾਂ ਨਾ ਬੈਠੇ ਜਾਣ ਤੇ ਮੈਂ ਫਿਰ ਲੇਟ ਜਾਂਦਾ ਹਾਂ ਉੱਭਲਚਿੱਤੀ ਜਿਹੀ ਲੱਗੀ ਹੋਈ ਹੈ ਇੱਕ ਕਾਹਲ ਹੈ ਜੋ ਕੁੱਝ ਵੀ ਸੋਚਣ ਨਹੀਂ ਦਿੰਦੀ ਅਕਾਰਨ ਹੀ ਸਲੀਪਰ ਤੋਂ ਹੇਠਾਂ ਉੱਤਰ ਆਉਂਦਾ ਹਾਂ ਅਤੇ ਟਾਇਲਟ ਵੱਲ ਚਲਿਆ ਜਾਂਦਾ ਹਾਂਬੂਹਾ ਵੀ ਨਹੀਂ ਖੋਲ੍ਹਦਾ ਕਿ ਮੁੜ ਪੈਂਦਾ ਹਾਂ ਆਪਣੇ ਆਪ ਤੋਂ ਵੀ ਨਹੀਂ ਪੁੱਛ ਸਕਦਾ ਕਿ ਇਹ ਸਭ ਕੀ ਹੋ ਰਿਹਾ ਹੈ? ਕਿਉਂ ਹੋ ਰਿਹਾ ਹੈ?


ਨਾਨੀ ਉੱਪਰ ਵੀ ਹਿਰਖ ਆਉਂਦਾ ਹੈ ਅਤੇ ਰਾਵੀ ਦੀ ਮੰਮੀ ਉੱਪਰ ਵੀਜੋ ਕੁੱਝ ਕਹਿਣਾ ਹੈ ਚਿੱਠੀ ਰਾਹੀਂ ਵੀ ਤਾਂ ਕਿਹਾ ਜਾ ਸਕਦਾ ਹੈ।..ਪਰ ਨਹੀਂ ਮੇਰੇ ਸੀਨੇ ਵਿੱਚ ਕਿਰਚਾਂ ਖੁਭੋਣੀਆਂ ਉਹਨਾਂ ਨੂੰ ਕੁੱਝ ਜ਼ਿਆਦਾ ਹੀ ਚੰਗੀਆਂ ਲੱਗੀਆਂ ਹੋਣਗੀਆਂ


ਆਪਣੀ ਥਾਂ ਉੱਪਰ ਉਹ ਵੀ ਠੀਕ ਸਨ ਪੁੱਤਾਂ ਵਰਗੀ ਇੱਕੋ ਇੱਕ ਤਾਂ ਧੀ ਹੈਮੈਂ ਤਾਂ ਨਾ ਸਹੀ, ਜੇਕਰ ਸ਼ਹਿਰ ਵਿੱਚੋਂ ਹੋਰ ਵੀ ਕਿਸੇ ਜਾਣ ਪਹਿਚਾਣ ਵਾਲੇ ਦੇ ਦਿੱਲੀ ਜਾਣ ਬਾਰੇ ਰਾਵੀ ਦੀ ਮੰਮੀਂ ਨੂੰ ਪਤਾ ਲੱਗਦਾ, ਤਾਂ ਉਹ ਤਾਂ ਉਹਨੂੰ ਵੀ ਸੁਨੇਹਾ ਦੇਣ ਤੱਕ ਜਾਂਦੀਸ਼ਾਮ ਤੋਂ ਹੀ ਇਉਂ ਲੱਗ ਰਿਹਾ ਹੈ ਜਿਵੇਂ ਮੈਂ ਫਿਰ ਥੱਕ ਗਿਆ ਹੋਵਾਂ ਅਤੇ ਥੱਕੇ ਹੋਣ ਦੇ ਬਾਵਜੂਦ ਵੀ ਭੱਜਿਆ ਜਾ ਰਿਹਾ ਹੋਵਾਂ


ਆਪਣੇ ਸਲੀਪਰ ਉੱਪਰ ਫਿਰ ਲੰਮਾ ਪੈ ਜਾਂਦਾ ਹਾਂਨਿਊਨ ਲਾਈਟਾਂ ਮੈਨੂੰ ਮੱਧਮ ਹੋਈਆਂ ਜਾਪਣ ਲੱਗ ਪਈਆਂ ਨੇਉਂਝ ਵੀ ਮੇਰੇ ਤੱਕ ਰੋਸ਼ਨੀ ਆਉਣੋਂ ਹਟ ਗਈ ਹੈਰਾਵੀ ਨੂੰ ਦਿੱਤੇ ਜਾਣ ਵਾਲੇ ਸੁਨੇਹੇ ਨਾਲ ਇਉਂ ਲੱਗਦਾ ਹੈ ਜਿਵੇਂ ਫੇਰ ਤੋਂ ਸਾਲ ਪੁਰਾਣੇ ਮਾਰੂਥਲ ਦੀ ਰੇਤ ਫਿਰ ਤੋਂ ਮੇਰੀਆਂ ਮੁੱਠੀਆਂ ਵਿੱਚ ਆ ਗਈ ਹੋਵੇ

ਕਾਂਡ - ਦੋ

ਹੋਟਲ ਬੰਦ ਹੋਣ ਤੋਂ ਬਾਦ ਸਿੱਧਾ ਆਪਣੇ ਕਮਰੇ ਵਿੱਚ ਆਇਆ ਤਾਂ ਪਾਪਾ ਦੀ ਚਿੱਠੀ ਆਈ ਪਈ ਸੀਪਹਿਲਾਂ ਤਾਂ ਮੈਂ ਘਬਰਾ ਗਿਆ ਪਰ ਖੋਲ੍ਹਣ ਤੋਂ ਬਾਦ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ. . . . ਆਪਣੇ ਹੀ ਸ਼ਹਿਰ ਵਿੱਚ ਮੈਨੂੰ ਬੈਂਕ ਦੀ ਨੌਕਰੀ ਮਿਲ ਗਈ ਸੀਮੈਨੂੰ ਕੁੱਝ ਵੀ ਤਾਂ ਸੁੱਝ ਨਹੀਂ ਰਿਹਾ ਮੈਂ ਕੀ ਕਰਾਂ..? ਖ਼ੁਸ਼ੀ ਵਿੱਚ ਮੈਂ ਇੱਕੋ ਹੀ ਕੰਮ ਕਰ ਸਕਿਆ ਕਿ ਮੈਂ ਸਟੀਰੀਉ ਦਾ ਵੋਲੀਅਮ ਉੱਚਾ ਕਰ ਦਿੱਤਾਹੁਣ ਮੈਂ ਇਹ ਹੋਟਲ ਮੈਨੇਜਰੀ ਛੱਡਕੇ ਆਪਣੇ ਸ਼ਹਿਰ ਪਹੁੰਚ ਜਾਵਾਂਗਾਉਂਝ ਵੀ ਮੇਰਾ ਇਹ ਨੌਕਰੀ ਕਰਨ ਨੂੰ ਦਿਲ ਨਹੀਂ ਸੀ ਕਰਦਾ।. . ਮੈਂ ਤਾਂ ਪਾਪਾ ਜੀ ਦੇ ਬਹੁਤ ਜ਼ਿਆਦਾ ਕਹਿਣ ਉੱਤੇ ਇੱਥੇ ਆ ਗਿਆ ਸੀ ਕਿ ਘਰ ਵਿਹਲੇ ਫਿਰਨ ਨਾਲੋਂ ਤਾਂ ਚੰਗਾ ਹੀ ਰਹਾਂਗਾ ਆਪਣਾ ਸ਼ਹਿਰ ਛੱਡਕੇ ਕਿਤੇ ਹੋਰ ਰਹਿਣ ਨਾਲ ਤਾਂ ਮੈਨੂੰ ਇਉਂ ਲੱਗਦਾ ਸੀ ਜਿਵੇਂ ਮੈਨੂੰ ਨਹੁੰ ਨੂੰ ਮੇਰੇ ਮਾਸ ਵਰਗੇ ਸ਼ਹਿਰ ਨਾਲੋਂ ਖਿੱਚਕੇ ਵੱਖਰਾ ਕੀਤਾ ਜਾ ਰਿਹਾ ਹੋਵੇਪਰ ਮੈਂ ਇਸਦੇ ਬਾਵਜੂਦ ਵੀ ਆਕੇ ਇਹ ਨੌਕਰੀ ਕਰ ਲਈ ਸੀ

ਪੂਰੇ ਛੇ ਮਹੀਨੇ ਮੈਨੂੰ ਦਿੱਲੀ ਵਿੱਚ ਆਏ ਨੂੰ ਹੋ ਗਏ ਸਨ ਪਰ ਮੈਂ ਹਾਲੇ ਵੀ ਦਿੱਲੀ ਦਾ ਨਹੀਂ ਹੋ ਸਕਿਆ ਸੀਕਿੱਥੇ ਤਾਂ ਉਹ ਦਿਨ ਸਨ ਜਦੋਂ ਮੈਂ ਅਤੇ ਰਾਵੀ ਦਿਨ ਵਿੱਚ ਤਿੰਨ-ਤਿੰਨ ਚਾਰ-ਚਾਰ ਵਾਰੀ ਮਿਲ਼ਿਆ ਕਰਦੇ ਸੀਇੱਕ ਦੂਜੇ ਦੀਆਂ ਅੱਖਾਂ ਵਿੱਚੋਂ ਕੁੱਝ ਆਸ ਜਿਹਾ ਪੜ੍ਹਦੇ ਸੀ।. . ਤੇ ਕਿੱਥੇ ਇਹ ਦਿਨ ਕਿ ਕੁਝ ਵੀ ਮੇਰੇ ਪਾਸ ਨਹੀਂ ਹੈ ਜੇ ਕੁਝ ਆਪਣਾ ਹੈ ਤਾਂ ਸਟੀਰਿਓ ਅਤੇ ਗ਼ਜ਼ਲਾਂ ਦੀਆਂ ਕੁੱਝ ਕੈਸਿਟਾਂਦਿਨ ਤਾਂ ਹੋਟਲ ਦੇ ਰੁਝੇਵਿਆਂ ਵਿੱਚ ਲੰਘ ਜਾਂਦਾ ਹੈ ਪਰ ਉਵੇਂ ਨਹੀਂ ਜਿਵੇਂ ਆਪਣੇ ਸ਼ਹਿਰ ਵਿੱਚ ਲੰਘਦਾ ਹੁੰਦਾ ਸੀਇੱਥੇ ਤਾਂ ਸਵੇਰੇ ਜਾਓ ਅਤੇ ਸ਼ਾਮ ਨੂੰ ਆ ਕੇ ਆਪਣੇ ਕਮਰੇ ਵਿੱਚ ਬੰਦ ਹੋ ਜਾਓਆਪਣਾ ਸ਼ਹਿਰ ਸੀ,ਕਦਮ-ਕਦਮ ਉੱਤੇ ਜਾਣੇ-ਪਹਿਚਾਣੇ ਚਿਹਰੇ ਮਿਲਦੇ ਸਨਆਦਮੀ ਹਿੱਕ ਚੌੜੀ ਕਰ ਕੇ ਤੁਰ ਸਕਦਾ ਹੈਪਰ ਇੱਥੇ ਬੱਸਾਂ ਦਾ ਸਫ਼ਰ ਕਿਸੇ ਦੀ ਬਹੁਤੀ ਜਾਣ-ਪਹਿਚਾਣ ਬਰਦਾਸ਼ਤ ਨਹੀਂ ਕਰਦਾ

ਖ਼ਤ ਪੜ੍ਹ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ ਪਾਪਾ ਨੇ ਆਪਣੇ ਛੋਟੇ ਜਿਹੇ ਖ਼ਤ ਨਾਲ ਬੈਂਕ ਵਾਲੇ ਅਪਾਇੰਟਮੈਂਟ ਲੈਟਰ ਦੀ ਫੋਟੋ ਕਾਪੀ ਵੀ ਭੇਜੀ ਸੀ

ਹੁਣ ਮੈਂ ਆਪਣੇ ਸ਼ਹਿਰ ਜਾ ਕੇ ਨੌਕਰੀ ਕਰਾਂਗਾ

ਆਪਣੇ ਸ਼ਹਿਰ ਮੈਨੂੰ ਹਰ ਰੋਜ਼ ਰਾਵੀ ਮਿਲ਼ਿਆ ਕਰੇਗੀ ਉਥੇ ਮੈਂ ਭਰਵਾਂ ਸਾਹ ਲੈ ਸਕਾਂਗਾ

ਪਿਛਲੇ ਪੰਜਾਂ ਛੇਆਂ ਮਹੀਨਿਆਂ ਵਿੱਚ ਹੀ ਦਿੱਲੀ ਤੋਂ ਉਕਤਾ ਗਿਆ ਸਾਂ ਦੂਜਾ ਇਸ ਗੱਲ ਦੀ ਖਿੱਝ ਚੜ੍ਹਦੀ ਸੀ ਕਿ ਘਰੋਂ ਜਿਹੜਾ ਵੀ ਖ਼ਤ ਆਉਂਦਾ,ਉਸ ਵਿੱਚ ਰਾਵੀ ਦਾ ਜ਼ਿਕਰ ਤੱਕ ਨਾ ਹੁੰਦਾ ਦੋ-ਚਾਰ ਖ਼ਤ ਉਡੀਕਣ ਤੋਂ ਬਾਅਦ ਜਦੋਂ ਮੈਂ ਉਹਦੇ ਬਾਰੇ ਪੁੱਛ ਲਿਆ ਤਾਂ ਬੱਸ ਇੱਕੋ ਹੀ ਸਤਰ ਲਿਖੀ ਸੀ ਉਸ ਦੀ ਪੜ੍ਹਾਈ ਵਧੀਆ ਚੱਲ ਰਹੀ ਹੈਕੀ ਸਿਰਫ ਏਨਾ ਹੀ ਲਿਖ ਕੇ ਸਰ ਗਿਆ ? ਕੀ ਸਿਰਫ ਏਨਾ ਪੜ੍ਹ ਲੈਣ ਨਾਲ ਮੈਨੂੰ ਤਸੱਲੀ ਮਿਲ ਜਾਵੇਗੀ ? ਨਹੀਂਜੇ ਕੋਈ ਉਹਦੇ ਬਾਰੇ ਪੂਰੀ ਕਿਤਾਬ ਵੀ ਲਿਖ ਕੇ ਭੇਜ ਦੇਵੇ ਤਾਂ ਵੀ ਮੈਨੂੰ ਇਉਂ ਜਾਪੇ ਜਿਵੇਂ ਕੁੱਝ ਅਧੂਰਾ ਹੈ ਰਾਵੀ ਬਾਰੇ ਪੂਰਨਤਾ ਤਾਂ ਸਿਰਫ਼ ਰਾਵੀ ਦੇ ਕੋਲ ਰਹਿ ਕੇ ਹੀ ਹੋ ਸਕਦੀ ਹੈ

ਇੱਕ ਤਾਂ ਮਹਾਂਨਗਰ ਦੀਆਂ ਰਾਤਾਂ, ਦੂਜਾ ਚਿੱਠੀ ਵਿੱਚ ਰਾਵੀ ਦਾ ਜ਼ਿਕਰ ਬੰਦਮੇਰੇ ਲਈ ਸਾਹ ਲੈਣਾ ਔਖਾ ਹੋ ਗਿਆਜੀਅ ਕਰਦਾ ਕਿ ਉਸ ਨੂੰ ਆਪ ਖ਼ਤ ਲਿਖਾਂ, ਪਰ ਫਿਰ ਇਹ ਸੋਚਕੇ ਚੁੱਪ ਕਰ ਜਾਂਦਾ ਕਿ ਉਸ ਦੇ ਡੈਡੀ ਪਤਾ ਨਹੀਂ ਕੀ ਸੋਚਣਗੇਹਰ ਵੇਰ ਕਾਗਜ਼ ਚੁੱਕਕੇ ਲਿਖਣ ਬੈਠਦਾ ਤਾਂ ਪੈੱਨ ਬੰਦ ਕਰਕੇ ਦੁਬਾਰਾ ਜੇਬ ਉੱਤੇ ਲਾਉਣਾ ਪੈ ਜਾਂਦਾਕਿਸੇ ਤੋਂ ਕੁੱਝ ਵੀ ਤਾਂ ਪੁੱਛ ਨਹੀਂ ਸੀ ਸਕਦਾਬੱਸ ਇੱਕੋ ਗੱਲ ਨਾਲ ਸਬਰ ਕਰ ਰਿਹਾ ਸੀ ਕਿ ਰਾਵੀ ਦੀ ਪੜ੍ਹਾਈ ਠੀਕ ਚੱਲ ਰਹੀ ਹੈ

ਕਾਂਡ - ਤਿੰਨ

ਬਚਪਨ ਤੋਂ ਹੀ ਘੁੱਤੀ ਪੌਣੇ, ਕੋਚਰ ਕੰਡਾ, ਕੋਟਲਾ ਛਪਾਕੀ, ਦਾਈ ਦੁੱਕੜੇ, ਜਾਂ ਪੀਚੋ ਬੱਕਰੀ ਕੁੱਝ ਵੀ ਖੇਡਦੇ, ਰਾਵੀ ਹਮੇਸ਼ਾ ਮੇਰੇ ਨਾਲ ਹੁੰਦੀਉਂਝ ਮੈਂ ਬੇਸ਼ਕ ਤੀਜੀ ਵਿੱਚ ਪੜ੍ਹਦਾ ਸੀ ਅਤੇ ਉਹ ਅਜੇ ਪੜ੍ਹਨ ਨਹੀਂ ਸੀ ਲੱਗੀ ਪਰ ਸਾਡੀ ਆੜੀ ਪੱਕੀ ਸੀਉਹ ਮਾਪਿਆਂ ਦੀ ਇਕਲੌਤੀ ਧੀ ਸੀ ਪਿੰਡ ਤਾਂ ਉਹਨਾਂ ਦਾ ਕੋਈ ਹੋਰ ਸੀ ਪਰ ਉਸਦੇ ਡੈਡੀ ਬਹੁਤ ਦੇਰ ਤੋਂ ਇਥੇ ਹੀ ਮਾਸਟਰ ਸਨਜਿਸ ਘਰ ਵਿੱਚ ਉਹ ਆਕੇ ਕਿਰਾਏ ਉੱਤੇ ਰਹਿਣ ਲੱਗੇ ਸਨ ਉਹੀ ਘਰ ਬਾਦ ਵਿੱਚ ਉਹਨਾਂ ਨੇ ਖਰੀਦ ਲਿਆ ਸੀਉਹਨਾਂ ਦਾ ਘਰ ਮੇਰੇ ਨਾਨਕੇ ਘਰ ਤੋਂ ਦੋ ਤਿੰਨ ਹੀ ਘਰ ਛੱਡਕੇ ਬਾਦ ਵਿੱਚ ਆਉਂਦਾ ਸੀ ਅਤੇ ਗੁਆਂਢ ਮੱਥਾ ਹੋਣ ਕਰਕੇ ਰਾਵੀ ਦੀ ਮੰਮੀ ਦਾ ਮੇਰੀ ਨਾਨੀ ਕੋਲ ਆਉਣ ਜਾਣ ਵੀ ਬਹੁਤ ਸੀਇਸ ਪਿੱਛੇ ਇੱਕ ਵੱਡਾ ਕਾਰਨ ਤਾਂ ਇਹ ਵੀ ਸੀ ਕਿ ਮੇਰੇ ਮਾਮਾ ਜੀ ਵੀ ਉਸੇ ਸਕੂਲ ਵਿੱਚ ਪੜ੍ਹਾਉਂਦੇ ਸਨ ਜਿਹੜੇ ਵਿੱਚ ਰਾਵੀ ਦੇ ਪਾਪਾਜਿਸ ਕਰਕੇ ਘਰੇਲੂ ਸਹਿਚਾਰ ਹੋਰ ਵੀ ਜ਼ਿਆਦਾ ਸੀ

ਵਕਤ ਨਾ ਰੁਕਣਾ ਸੀ ਅਤੇ ਨਾ ਹੀ ਰੁਕਿਆ

ਅਸੀਂ ਦੋਵੇਂ ਵਧਣੇ ਪੈ ਗਏ

ਬਚਪਨ ਦੇ ਸੁਭਾਅ ਨਾਲੋਂ ਉਸ ਦਾ ਸੁਭਾਅ ਹੁਣ ਬਹੁਤ ਬਦਲ ਗਿਆ ਸੀਸਾਡੇ ਘਰ ਆਉਂਦੀ ਤਾਂ ਉਹ ਪਹਿਲਾਂ ਵਾਂਗ ਹੀ ਸੀ, ਨਾਨੀ ਨਾਲ ਗੱਲਾਂ ਵੀ ਪਹਿਲਾਂ ਵਾਂਗ ਹੀ ਕਰਦੀ ਸੀਪਰ ਹੁਣ ਮੇਰੇ ਨਾਲ ਉਸਦੀਆਂ ਗੱਲਾਂ ਪਹਿਲਾਂ ਵਾਂਗ ਨਹੀਂ ਸਨ ਹੁੰਦੀਆਂਉਸਦੇ ਮੁੱਖ ਉੱਤੇ ਸ਼ਰਮ ਦੀ ਲੋਈ ਆਪਣੇਂ ਆਪ ਹੀ ਓੜ੍ਹੀ ਗਈ ਸੀ ਅਸੀਂ ਜੋ ਵੀ ਗੱਲਾਂ ਕਰਦੇ ਬੱਸ ਮਿਣਵੀਆਂ ਤੋਲਵੀਆਂ ਹੀ ਅਤੇ ਜਾਂ ਬੱਸ ਕਦੇ ਕਦਾਈਂ, ਉਹ ਆਪਣੀ ਪੜ੍ਹਾਈ ਦਾ ਮੈਥੋਂ ਕੁੱਝ ਨਾ ਕੁੱਝ ਸਮਝਣ ਲੱਗ ਪੈਂਦੀਹਾਂ ਜੇ ਕਦੇ ਮੇਰੇ ਕਿਸੇ ਕਮੀਜ਼ ਦਾ ਕੋਈ ਬਟਨ ਟੁੱਟਿਆ ਹੁੰਦਾ ਜਾਂ ਕਦੀ ਕੋਈ ਸੀਣ ਮਾਰਨੀ ਹੁੰਦੀ ਤਾਂ ਉਹ ਨਾਨੀ ਤੋਂ ਫੜਕੇ ਇਹ ਕੰਮ ਆਪ ਕਰ ਦਿੰਦੀਇਹੋ ਜਿਹੀਆਂ ਕੁੱਝ ਹੋਰ ਵੀ ਘਰੇਲੂ ਗੱਲਾਂ ਸਨ ਜਿਹਨਾਂ ਦੀ ਬਦੌਲਤ ਮੈਂ ਰਾਵੀ ਉਪਰ ਐਵੇਂ ਹੀ ਆਪਣਾ ਹੱਕ ਜਿਹਾ ਸਮਝਣ ਲੱਗ ਪਿਆ ਸੀ ਮੈਨੂੰ ਇਉਂ ਮਹਿਸੂਸ ਹੋਣ ਲੱਗ ਪਿਆ ਸੀ ਜਿਵੇਂ ਉਸ ਦੀ ਮੇਰੇ ਵਿੱਚ ਬਹੁਤ ਜਿਆਦਾ ਦਿਲਚਸਪੀ ਤਾਂ ਹੈ ਪਰ ਉਹਨੂੰ ਇਸਨੂੰ ਜ਼ਾਹਿਰ ਕਰਨਾ ਨਹੀਂ ਆਉਂਦਾਮੇਰਾ ਮਨ ਕਰਦਾ ਹੈ ਕਿ ਮੈਂ ਉਸ ਨੂੰ ਪੁੱਛ ਲਵਾਂ ਕਿ ਉਹਦੇ ਮਨ ਵਿੱਚ ਜੋ ਕੁੱਝ ਵੀ ਹੈ ਉਹ ਮੈਨੂੰ ਸਾਫ਼-ਸਾਫ਼ ਕਹਿ ਦੇਵੇਮੈਂ ਅਜਿਹਾ ਤਾਂ ਨਾ ਕਰ ਸਕਿਆ ਪਰ ਆਪਣੇ ਵਿਸ਼ਵਾਸ਼ ਨੂੰ ਜਰੂਰ ਪੱਕਾ ਕਰਦਾ ਰਿਹਾ ਕਿ ਰਾਵੀ ਦਾ ਵਿਆਹ ਹੋਵੇਗਾ ਤਾਂ ਸਿਰਫ਼ ਮੇਰੇ ਨਾਲ ਹੀਹੋਰ ਕਿਸੇ ਨਾਲ ਉਹ ਆਪ ਹੀ ਜਾਣਾ ਪਸੰਦ ਨਹੀਂ ਕਰੇਗੀ

ਕਦੇ ਕਦੇ ਮੇਰੇ ਮਨ ਵਿੱਚ ਆਉਂਦਾ ਕਿ ਜੇਕਰ ਉਸਦੇ ਡੈਡੀ ਨੇ ਕਿਧਰੇ ਹੋਰ ਗੱਲ ਕਰ ਵੀ ਲਈ ਤਾਂ ਉਹ ਅੱਗੋਂ ਰਤਾ ਵੀ ਵਿਰੋਧ ਨਹੀਂ ਕਰ ਸਕੇਗੀਵਿਰੋਧ ਉਸਦੇ ਸੁਭਾਅ ਦਾ ਹਿੱਸਾ ਹੀ ਨਹੀਂ ਹੈ ਉਹ ਉੱਚਾ ਬੋਲ ਹੀ ਨਹੀਂ ਸਕਦੀਦੂਰ ਨੇੜੇ ਦੀਆਂ ਲੜਾਈ ਦੀਆਂ ਗੱਲਾਂ ਸੁਣਕੇ ਉਹ ਉਂਝ ਹੀ ਲੰਮੇ-ਲੰਮੇ ਹੌਂਕੇ ਭਰਨ ਲੱਗ ਪੈਂਦੀ ਹੈਸ਼ਾਮ ਸੁਰਖ਼ ਹੁਣ ਤੋਂ ਬਾਦ ਸਾਡੇ ਘਰ ਤੋਂ ਆਪਣੇ ਘਰ ਤੱਕ ਵੀ ਉਹ ਇਕੱਲੀ ਨਹੀਂ ਜਾ ਸਕਦੀ, ਇਹ ਕੰਮ ਵੀ ਮੈਨੂੰ ਹੀ ਕਰਨਾ ਪੈਂਦਾਮੈਂ ਚੁੱਪ ਚਾਪ ਉਸ ਨਾਲ ਤੁਰਿਆ ਜਾਂਦਾ ਅਤੇ ਉਹਨਾਂ ਦੇ ਘਰ ਅੱਗੇ ਉਸਨੂੰ ਛੱਡਕੇ ਵਾਪਸ ਪਰਤ ਆਉਂਦਾਰਸਤੇ ਵਿੱਚ ਅਸੀਂ ਕੋਈ ਵੀ ਗੱਲ ਨਾ ਕਰਦੇਘਰ ਤੋਂ ਘਰ ਤੱਕ ਦਾ ਫਾਸਲਾ ਹੀ ਏਨਾ ਕੁ ਸੀ ਕਿ ਜੇਕਰ ਕੋਈ ਗੱਲ ਕਰ ਵੀ ਦਿੰਦਾ ਤਾਂ ਉਸਦਾ ਜਵਾਬ ਅਗਲੇ ਜਾਂ ਅਗਲੇ ਜਾਂ ਅਗਲੇ ਦਿਨ ਹੀ ਦਿੱਤਾ ਜਾ ਸਕਦਾ ਸੀਕਿਉਂਕਿ ਇਹ ਜ਼ਰੂਰੀ ਵੀ ਤਾਂ ਨਹੀਂ ਸੀ ਕਿ ਉਸਨੂੰ ਹਰ ਰਾਤ ਹੀ ਘਰ ਛੱਡਣ ਜਾਣਾ ਪਵੇ

ਪਹਿਲਾਂ ਤਾਂ ਉਸੇ ਵੇਲੇ ਹੀ ਮਨ ਕੀਤਾ ਕਿ ਹੁਣੇ ਹੀ ਸਾਰਾ ਬੋਰੀਆ ਬਿਸਤਰਾ ਸਮੇਟਕੇ ਰਾਤ ਦੀ ਗੱਡੀ ਹੀ ਚੜ੍ਹ ਜਾਵਾਂ ਪਰ ਅਜਿਹਾ ਕਰਨਾਂ ਮੈਂ ਠੀਕ ਨਾਂ ਸਮਝਿਆਸੋਚਿਆ ਕਿ ਮਹੀਨੇ ਦੇ ਪੰਜ ਕੁ ਦਿਨ ਹੀ ਤਾਂ ਰਹਿੰਦੇ ਨੇ,ਨਾਲੇ ਤਾਂ ਸਾਰੀ ਤਨਖਾਹ ਮਿਲ ਜਾਵੇਗੀ ਨਾਲੇ ਫਰਮ ਨੂੰ ਇਨਫਾਰਮ ਕੀਤਾ ਜਾ ਸਕੇਗਾ ਉੱਧਰ ਜੁਆਇਨ ਕਰਨ ਲਈ ਵੀ ਤਾਂ ਅਜੇ ਪੰਦਰਾਂ ਦਿਨ ਬਾਕੀ ਪਏ ਸਨਇਹ ਸੋਚਕੇ ਮੈਂ ਘਰ ਚਿੱਠੀ ਲਿਖ ਦਿੱਤੀ ਕਿ ਮੈਂ ਪਹਿਲੀ ਤਰੀਕ ਨੂੰ ਆ ਰਿਹਾ ਹਾਂ

ਪੰਜਾਂ ਦਿਨਾਂ ਦੌਰਾਨ ਹਰ ਪਲ ਇਉਂ ਲੰਘਦਾ ਰਿਹਾ ਕਿ ਵਕਤ ਨੇ ਆਪਣਾਂ ਰੁੱਖ ਬਦਲ ਲਿਆ ਹੈਵਕਤ ਮੇਰੇ ਨਾਲ ਬੇਇਨਸਾਫੀ ਕਰਨ ਲੱਗ ਪਿਆ ਹੈ ਵਕਤ ਮੈਥੋੰ ਗੁਜ਼ਰੇ ਵਕਤ ਦਾ ਕੋਈ ਬਦਲਾ ਲੈ ਰਿਹਾ ਹੈ ਵਕਤ ਨੂੰ ਨੀਂਦ ਆ ਰਹੀ ਹੈ ਜਾਂ ਵਕਤ ਜਾਣ ਬੁੱਝਕੇ ਊਂਘਣ ਦਾ ਬਹਾਨਾ ਕਰਨ ਲੱਗ ਪਿਆ ਹੈ

ਪਹਿਲੀ ਤਰੀਕ ਨੂੰ ਮੈਂ ਦੁਪਹਿਰ ਵਾਲੀ ਗੱਡੀ ਦੇ ਟਾਈਮ ਨੂੰ ਸਟੇਸ਼ਨ ਉੱਪਰ ਆ ਗਿਆਗੱਡੀ ਤੁਰੀ ਜਾ ਰਹੀ ਸੀਮਨ ਵਿਚਲੀ ਇੱਕੋ ਹੀ ਗੱਲ ਖ਼ੁਸ਼ੀ ਦੇਣ ਲਈ ਕਾਫੀ ਸੀ ਕਿ ਜਦੋਂ ਮੈਂ ਘਰ ਪਹੁੰਚਾਂਗਾ ਰਾਵੀ ਕਿੰਨੀ ਖੁਸ਼ ਹੋਵੇਗੀ ਮੈਨੂੰ ਮਿਠਾਈ ਵੀ ਖੁਆਏਗੀ ਅਤੇ ਵਿਹੜੇ ਵਿੱਚ ਬੈਠਕੇ ਨਾਨੀ ਕੋਲ ਕੋਈ ਕੰਮ ਵੀ ਕਰਦੀ ਰਹੇਗੀਇਹਨਾਂ ਛੇਆਂ ਮਹੀਨਿਆਂ ਵਿੱਚ ਤਾਂ ਉਹ ਹੋਰ ਵੀ ਸੋਹਣੀ ਹੋ ਗਈ ਹੋਣੀ ਐ ਇਹ ਸਾਰਾ ਕੁੱਝ ਰਸਤੇ ਵਿੱਚ ਮੇਰੀਆਂ ਸੋਚਾਂ ਉੱਪਰ ਭਾਰੂ ਰਿਹਾਮੈਂ ਇਹੋ ਹੀ ਸੋਚਦਾ ਰਿਹਾ ਕਿ ਰਾਵੀ ਮਿਲੇਗੀ ਤਾਂ ਉਸਦੇ ਚਿਹਰੇ ਉੱਪਰ ਕਿਹੋ ਜਿਹਾ ਰੰਗ ਹੱਸ ਰਿਹਾ ਹੋਵੇਗਾਅਤੇ ਮੈਂ ਮੌਕਾ ਵੇਖਕੇ ਉਸਨੂੰ ਇੱਕ ਪਾਸੇ ਲਿਜਾਕੇ ਸਪਸ਼ਟ ਕਰ ਦਿਆਂਗਾ ਮੈਂ ਆ ਗਿਆ ਹਾਂਤੇਰੇ ਅਤੇ ਸਿਰਫ਼ ਤੇਰੇ ਲਈ ਹੀਮੇਰੇ ਉਪਰ ਹੁਣ ਸਿਰਫ਼ ਤੇਰਾ ਹੀ ਅਧਿਕਾਰ ਹੈ।

ਕਾਂਡ - ਚਾਰ

ਗੱਡੀ ਸੱਤ ਵਜੇ ਮਾਨਸਾ ਪਹੁੰਚੀ ਅਤੇ ਮੈਂ ਸਵਾ ਸੱਤ ਵਜੇ ਘਰ ਪਹੁੰਚ ਗਿਆ ਘਰ ਇਕੱਲੀ ਨਾਨੀ ਹੀ ਸੀ ਉਹਦੇ ਪੈਰੀਂ ਹੱਥ ਲਾ ਕੇ ਆਸੇ-ਪਾਸੇ ਓਪਰੀ ਨਿਗਾਹ ਨਾਲ ਵੇਖਦਾ ਰਿਹਾ ਮੈਨੂੰ ਪੂਰਾ ਯਕੀਨ ਸੀ ਕਿ ਰਾਵੀ ਮੇਰੇ ਚਿਹਰੇ ਦਾ ਉਤਾਰ-ਚੜ੍ਹਾਅ ਵੇਖਣ ਲਈ ਆਸੇ ਪਾਸੇ ਕਿਤੇ ਨਾ ਕਿਤੇ ਜ਼ਰੂਰ ਛੁਪ ਕੇ ਬੈਠੀ ਹੋਵੇਗੀਇਹ ਤਾਂ ਹੋ ਹੀ ਨਹੀਂ ਸਕਦਾ ਕਿ ਮੈਂ ਦਿੱਲੀ ਤੋਂ ਪਰਤਿਆ ਹੋਵਾਂ ਅਤੇ ਰਾਵੀ ਸਾਡੇ ਘਰ ਨਾ ਹੋਵੇ, ਨਹੀਂ-ਇਹ ਕਦੀ ਨਹੀਂ ਹੋ ਸਕਦਾ

ਨਾਨੀ ਛੋਟੀਆਂਛੋਟੀਆਂ ਗੱਲਾਂ ਪੁੱਛਦੀ ਰਹੀ ਅਤੇ ਮੈਂ ਆਸੇ ਪਾਸੇ ਜਿਹੇ ਵੇਖਦਾ, ਉਖੜਿਆ -ਉਖੜਿਆ ਜਿਹਾ ਉਹਦੀਆਂ ਗੱਲਾਂ ਦੇ ਉੱਤਰ ਦਿੰਦਾ ਰਿਹਾ ਉਸ ਵੇਲੇ ਮੈਨੂੰ ਹੀ ਪਤਾ ਸੀ ਕਿ ਮੈਂ ਆਪਣੀ ਹੀ ਮਿੱਟੀ ਤੇ ਖੜ੍ਹਾ ਕਿੰਨਾ ਬੇਗਾਨਾ ਮਹਿਸੂਸ ਕਰ ਰਿਹਾ ਸੀਦੂਰਨੇੜਿਉ ਸੁਣਦੀਆਂ ਨਾਨੀ ਦੀਆਂ ਗੱਲਾਂ ਦੇ ਹੌਲੀ-ਹੌਲੀ ਉੱਤਰ ਦਿੰਦਾ ਮੈਂ ਕਮਰਿਆਂ ਵਿੱਚ ਤੁਰ-ਫਿਰ ਰਿਹਾ ਸੀ ਕਿ ਮਿੰਨੀ ਕਿਧਰੇ ਲੁਕੀ ਬੈਠੀ ਹੀ ਦਿਖਾਈ ਦੇ ਦੇਵੇ ਅਤੇ ਮੈਂ ਉੱਚੀ-ਉੱਚੀ ਹੱਸਦਾ ਚੋਰ ਉਏ-ਚੋਰ ਉਏ ਦਾ ਰੌਲਾ ਪਾਉਂਦਾ ਉਹਨੂੰ ਬਾਹਰ ਖਿੱਚ ਲਿਆਵਾਂ

ਪਰ ਨਹੀਂ,ਅੰਦਰ ਅਜਿਹਾ ਕੁੱਝ ਨਹੀਂ ਸੀ ਰਾਵੀ ਤਾਂ ਕੀ, ਅੰਦਰ ਉਹਦਾ ਝਉਲ਼ਾ ਵੀ ਨਹੀਂ ਸੀਹਨੇਰਾ ਹੋ ਗਿਆ ਮਾਮਾ ਕਿਤੇ ਬਾਹਰ ਗਿਆ ਹੋਇਆ ਸੀ,ਇਹ ਤਾਂ ਮੈਨੂੰ ਨਾਨੀ ਨੇ ਦੱਸਿਆ, ਇਸ ਲਈ ਉਸਨੇ ਦੋਹਾਂ ਦੀ ਰੋਟੀ ਹੀ ਤਿਆਰ ਕੀਤੀ ਰੋਟੀ ਖਾ ਕੇ ਮੈਂ ਦੋਸਤਾਂ ਨੂੰ ਮਿਲ ਕੇ ਆਉਣ ਦਾ ਬਹਾਨਾ ਲਾ ਕੇ ਘਰੋਂ ਬਾਹਰ ਤੁਰ ਗਿਆਦਰਵਾਜੇ ਤੋਂ ਬਾਹਰ ਹੋਇਆ, ਤਾਂ ਪੈਰ ਮੱਲੋ-ਮੱਲੀ ਉਧਰਲੀ ਦਿਸ਼ਾ ਵੱਲ ਮੁੜ ਗਏ ਜਿਸ ਦਿਸ਼ਾ ਵੱਲ ਹੀ ਮੈਂ ਜਾਣਾ ਸੀ ਹੈਰਾਨ ਸਾਂ ਕਿ ਪੈਰਾਂ ਨੂੰ ਵੀ ਸਾਡੇ ਮਨ ਦੇ ਰਾਹਾਂ ਦੀ ਪਛਾਣ ਹੁੰਦੀ ਹੈ

ਰਾਵੀ ਦੇ ਘਰ ਅੱਗੇ ਆਇਆ ਤਾਂ ਡਿਉਢੀ ਦਾ ਬੂਹਾ ਬੰਦ ਸੀਅੰਦਰੋਂ ਬੰਦ ਸੀ, ਜਾਂ ਉਂਜ ਹੀ ਜੋੜ ਕੇ ਲਾਇਆ ਹੋਇਆ ਸੀ,ਇਸ ਬਾਰੇ ਭਲਾ ਕਿਵੇਂ ਪਤਾ ਲੱਗਦਾ?ਉਂਜ ਗਲੀ ਉਪਰਲੀ ਬੈਠਕ ਦੀ ਲਾਈਟ ਜ਼ਰੂਰ ਜਗ ਰਹੀ ਸੀ ਖ਼ੈਰ! ਖ਼ਿਆਲ ਆਇਆ ਕਿ ਛੁੱਟੀਆ ਕਰਕੇ ਉਹ ਕਿਸੇ ਰਿਸ਼ਤੇਦਾਰੀ ਵਿੱਚ ਮਿਲ਼ਣ ਚਲੀ ਗਈ ਹੋਵੇਗੀ ਪਰ ਮੇਰਾ ਖ਼ਤ ਵੀ ਤਾਂ ਆਇਆ ਸੀ ਮੈਂ ਆਪਣੇ ਸ਼ਹਿਰ ਪਰਤਣਾ ਹੋਵੇ ਅਤੇ ਰਾਵੀ ਨਹੀਂ,ਇਹ ਨਹੀਂ ਹੋ ਸਕਦਾ ਪਰ ਉਹ ਮੇਰਾ ਖ਼ਤ ਪਹੁੰਚਣ ਤੋਂ ਪਹਿਲਾਂ ਵੀ ਗਈ ਹੋ ਸਕਦੀ ਹੈ ਪਰ ਨਾਲ ਹੀ ਯਾਦ ਆਇਆ ਕਿ ਉਦੋਂ ਛੁੱਟੀਆਂ ਨਹੀਂ ਸਨ ਇਹ ਸਭ ਕੀ ਹੋ ਰਿਹਾ ਸੀ, ਇਹ ਕੁੱਝ ਸੋਚਦਾ, ਦੋਸਤਾਂ ਨੂੰ ਮਿਲ਼ੇ ਬਿਨਾਂ ਹੀ ਮੈਂ ਘਰ ਪਰਤ ਆਇਆ

ਉੱਭਲਚਿੱਤੀ ਜਿਹੀ ਲੱਗੀ ਹੋਈ ਸੀਇਹੋ ਜਿਹੀ ਸਥਿਤੀ ਮਹਿਸੂਸ ਹੋ ਰਹੀ ਸੀ ਕਿ ਖਬਰੇ ਸਵੇਰ ਨੂੰ ਪਾਗਲ ਹੀ ਹੋ ਜਾਵਾਂਗਾ ਨਾਨੀ ਤੋਂ ਪੁੱਛ ਲੈਣ ਬਾਰੇ ਦਿਮਾਗ ਵਿੱਚ ਆਈ ਤਾਂ ਸੀ ,ਪਰ ਇਹ ਸੋਚਕੇ ਚੁੱਪ ਕਰ ਗਿਆ ਕਿ ਨਾਨੀ ਪਤਾ ਨਹੀਂ ਕੀ ਸੋਚੇਗੀ ਹੋਰ ਘਰਦਿਆ ਦੀ ਸੁੱਖ ਨਾ ਸਾਂਦ ,ਆਉਂਦੇ ਨੂੰ ਹੀ ਰਾਵੀ ਦਾ ਫ਼ਿਕਰ ਪੈ ਗਿਆ ਪਰ ਨਹੀਂ ਨਾਨੀ ਅਜਿਹੀ ਨਹੀਂਉਸਨੂੰ ਪਤਾ ਹੈ ਕਿ ਸਾਡੇ ਅੰਦਰ ਅਜਿਹੀ ਕੋਈ ਗੱਲ ਨਹੀਂਆਪਣੇ ਮੰਜੇ ਉੱਤੇ ਉਵੇਂ ਹੀ ਮੂਧਾ ਪਿਆ ਸਾਂ,ਜਿਵੇਂ ਮੈਨੂੰ ਪੈਣ ਦੀ ਆਦਤ ਹੈ ਨਾਨੀ ਨੇ ਫਿਰ ਦਿੱਲੀ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਅਤੇ ਮੈਂ ਹੂੰ-ਹਾਂ ਕਰਕੇ ਉਨਾਂ ਦਾ ਜੁਆਬ ਦਿੰਦਾ ਰਿਹਾਵੈਸੇ ਵੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਪੁੱਛ ਰਹੀ ਹੈ ਗ਼ਲਤ ਜਾਂ ਠੀਕ..ਮੈਂ ਉਹਦੀ ਸੰਤੁਸ਼ਟੀ ਲਈ ਉੱਤਰ ਦਿੰਦਾ ਸੀਉਸ ਨੇ ਕਿਹੜਾ ਦਿੱਲੀ ਵੇਖੀ ਹੋਈ ਹੈ ਕਿ ਮੇਰਾ ਕੋਈ ਕਸੂਰ ਫੜ ਲਏਗੀ

ਇਸ ਤਰ੍ਹਾਂ ਗੱਲਾਂ ਕਰਦੀ-ਕਰਦੀ ਨਾਨੀ ਦੇ ਘੁਰਾੜੇ ਮੈਨੂੰ ਸੁਣਨ ਲੱਗ ਪਏਪਰ ਅਜਿਹੀ ਕੋਈ ਗੱਲ ਨਹੀਂ ਸੀ ਕਿ ਉਹ ਮੇਰੀ ਨੀਂਦ ਵਿੱਚ ਵਿਘਨ ਪਾ ਰਹੀ ਸੀ ਮੈਨੂੰ ਨੀਂਦ ਆ ਕਿੱਥੇ ਆ ਰਹੀ ਸੀ? ਮੈਨੂੰ ਮਿੰਨੀ ਦੇ ਝਾਉਲ਼ੇ ਜਿਹੇ ਹੀ ਦਿਖਾਈ ਦੇ ਰਹੇ ਸਨਜਿਵੇਂ ਉਹ ਹਨੇਰੇ ਵਿੱਚ ਤੁਰੀ ਆਈ ਹੈ ਮੇਰੇ ਮੰਜੇ ਦੀ ਬਾਹੀ ਉੱਤੇ ਬੈਠੀ ਹੈ ਮੈਂ ਖੜ੍ਹਾ ਹੋ ਗਿਆ ਹਾਂ ਅਤੇ ਮੇਰੀ ਹਿੱਕ ਉੱਤੇ ਸਿਰ ਧਰ ਕੇ ਰੋਣ ਲੱਗ ਪਈ ਹੈਸਮਝ ਨਹੀਂ ਲਗਦੀ ਕਿ ਝਾਉਲ਼ੇ ਵੀ ਕਿਹੋ ਜਿਹੇ ਹਨ ?

ਨਹੀਂ,ਅਜਿਹਾ ਕਦੀ ਨਹੀਂ ਹੋ ਸਕਦਾਕਿਤੇ ਘਰਦਿਆਂ ਦੀ ਆਪਸ ਵਿੱਚ ਕੋਈ ਲੜਾਈ ਹੀ ਨਾਂ ਹੋ ਗਈ ਹੋਵੇ ਪਰ..ਫਿਰ ਇਹਦੇ ਵਿੱਚ ਰਾਵੀ ਦਾ ਕੀ ਕਸੂਰ? ਉਹਨੂੰ ਤਾਂ ਸਾਡੇ ਘਰ ਆਉਣੋਂ ਵਰਜਿਆ ਨਹੀਂ ਜਾ ਸਕਦਾ ਪਰ ਅਸੀਂ ਫਿਰ ਵੀ ਅਜਿਹਾ ਕਰ ਦਿੰਦੇ ਹਾਂ ਰਾਵੀ ਆਪ ਵੀ ਤਾਂ ਕੋਈ ਗੱਲ ਮਨ ਤੇ ਲਿਆ ਸਕਦੀ ਹੈ ਕੋਈ ਗੱਲ ਹੈ ਤਾਂ ਜ਼ਰੂਰ , ਜੋ ਅਜੇ ਮੇਰੇ ਉਹਲੇ ਤੋਂ ਦੂਰ ਹੈ

ਕਾਂਡ - ਪੰਜ

ਮੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਨੂੰ ਨੀਂਦ ਆਈ ਜਾ ਨਹੀਂ ਪਰ ਏਨਾ ਜ਼ਰੂਰ ਪਤਾ ਹੈ ,ਜਦੋਂ ਮੇਰੀ ਜਾਗ ਖੁੱਲ੍ਹੀ ,ਉਦੋਂ ਬਹੁਤ ਹੀ ਜ਼ਿਆਦਾ ਧੁੱਪ ਚੜ੍ਹੀ ਹੋਈ ਸੀ ਸੂਰਜ ਐਨ ਸਿਖਰ ਵੱਲ ਤੁਰਿਆ ਆ ਚੁਕਿਆ ਸੀ ।-ਤਿੰਨ ਵਾਰੀ ਚਾਹ ਤੱਤੀ ਕਰ-ਕਰ ਕੇ ਤੈਨੂੰ ਹਲੂਣਿਆਂ ਪਰ ਤੂੰ ਕੁਸਕਿਆਂ ਤੱਕ ਨਹੀਂ’… ਉੱਠ ਕੇ ਅਜੇ ਪੈਰੀਂ ਚੱਪਲਾਂ ਹੀ ਪਾਈਆਂ ਸਨ ਕਿ ਨਾਨੀ ਦੇ ਬੋਲ ਕੰਨੀ ਪਏਮੈਂ ਹੈਰਾਨ ਜਿਹਾ ਹੋਇਆ ਅੱਖਾਂ ਮਲ਼ਦਾ ਨਾਨੀ ਦੇ ਮੂੰਹ ਵੱਲ ਵੇਖਣ ਲੱਗ ਪਿਆ ਉਸ ਦੇ ਕਹੇ ਇਹਨਾਂ ਸ਼ਬਦਾਂ ਤੋਂ ਤਾਂ ਇਉਂ ਲੱਗਦਾ ਸੀ ਜਿਵੇਂ ਮੈਂ ਬਹੁਤ ਹੀ ਗੂੜ੍ਹੀ ਨੀਂਦ ਸੌਂ ਕੇ ਉਠਿਆ ਹੋਵਾਂ,ਪਰ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਮੇਰਾ ਕੋਈ ਦੂਜਾ ਜਨਮ ਹੋਇਆ ਹੋਵੇਮੈਂ ਕਿਸੇ ਹੋਰ ਈ ਧਰਤੀ ਉੱਤੇ ਆ ਗਿਆ ਹੋਵਾਂਪਰ ਨਾਲ ਨਾਲ ਇਹ ਵੀ ਸੀ ਕਿ ਮੈਂ ਪਿਛਲਾ-ਜਾਣੀ ਕੱਲ੍ਹ ਤੋਂ ਪਿਛਲਾ-ਕੁੱਝ ਵੀ ਨਹੀਂ ਭੁੱਲਿਆ ਸਾਂ ਸਭ ਕੁੱਝ ਮੇਰੇ ਇਉਂ ਯਾਦ ਹੈ ਜਿਵੇਂ ਨਦੀ ਦੇ ਬਰੇਤੇ ਨੂੰ ਪਾਣੀ ਦੀ ਆਮਦ ਯਾਦ ਆਉਂਦੀ ਹੈਉਹੀ ਕੁੱਝ ਅੱਖਾਂ ਸਾਹਵੇ ,ਮਨ ਮਸਤਕ ਵਿੱਚ ਅੱਜ ਵੀ ਹੈ ਜੋ ਕੱਲ੍ਹ ਸੀ ਕੱਲ੍ਹ ਵਾਂਗ ਹੀ ਨਿਗਾਹ ਸਾਰੇ ਵਿਹੜੇ ਉੱਤੋਂ ਘੁੰਮ ਕੇ ਰਸੋਈ ਅੰਦਰ ਆ ਕੇ ਕਿਧਰੇ ਅਟਕ ਗਈ ਹੈ ਜਿਵੇਂ ਰਾਵੀ ਰਸੋਈ ਵਿੱਚ ਚਾਹ ਗਰਮ ਕਰ ਰਹੀ ਹੋਵੇਹੁਣੇ ਹੀ ਗਰਮ ਚਾਹ ਲੈ ਕੇ ਆਵੇਗੀ ਅਤੇ ਅਚੇਤ ਬੈਠੇ ਹੀ ਮੇਰੀ ਗੱਲ੍ਹ ਨਾਲ ਛੁਹਾ ਕੇ, ਮੈਨੂੰ ਸੁਚੇਤ ਕਰ ਕੇ , ਮੁਸਕਰਾਉਂਦੀ ਹੋਈ ਮੇਰੇ ਹੱਥ ਚਾਹ ਦੇਕੇ ਵਾਪਸ ਰਸੋਈ ਵਿੱਚ ਪਰਤ ਜਾਵੇਗੀ ਬੋਲੇਗੀ ਕੁੱਝ ਵੀ ਨਹੀਂ ਉਂਝ ਵੀ ਉਹ ਬਹੁਤ ਘੱਟ ਬੋਲਦੀ ਹੈਬਚਪਨ ਦੀਆਂ ਸਾਰੀਆਂ ਆਦਤਾਂ ਦੇ ਐਨ ਉਲਟ

ਦਾਤਣ ਕਰਦਾ-ਕਰਦਾ ਵਿਹੜੇ ਵਿੱਚ ਘੁੰਮ ਰਿਹਾ ਹਾਂ ਇੱਕ ਗੱਲ ਬਾਰ-ਬਾਰ ਚੇਤਿਆਂ ਨੂੰ ਉਕਸਾ ਰਹੀ ਹੈ ਕਿ ਆਖਰ ਨਾਨੀ ਨੂੰ ਪੁੱਛਾਂ ਤਾਂ ਕਿਵੇਂ ਪੁੱਛਾਂ?.....ਕੀ ਸੋਚੇਗੀ ਉਹ?..... ਸਬੰਧਾਂ ਅਨੁਸਾਰ ਤਾਂ ਉਹਨੂੰ ਕੁੱਝ ਸੋਚਣਾ ਹੀ ਨਹੀਂ ਚਾਹੀਦਾ ਬਚਪਨ ਤੋਂ ਹੀ ਅਸੀਂ ਇਕੱਠੇ ਰਹੇ ਹਾਂਨਾਲੇ ਅਜੇ ਛੇ ਮਹੀਨੇ ਪਹਿਲਾਂ ਦੀ ਤਾਂ ਗੱਲ ਹੈ ਕਿ ਅਸੀਂ ਇਸੇ ਘਰ,ਇਸੇ ਵਿਹੜੇ ਵਿੱਚ ਗੱਲਾਂ ਮਾਰਦੇ ਹੁੰਦੇ ਸੀ ਬੇਸ਼ੱਕ ਸਾਡੇ ਵਿਚਕਾਰ ਬਹੁਤੀਆਂ ਗੱਲਾਂ ਤਾਂ ਨਹੀਂ ਸਨ ਹੁੰਦੀਆਂ ,ਪਰ ਫਿਰ ਵੀ ਇੰਨੀਆਂ ਕੁ ਤਾਂ ਹੋ ਹੀ ਜਾਂਦੀਆਂ ਸਨ ਕਿ ਜੇ ਇਥੇ ਚਾਹਾਂ ਵੀ, ਤਾਂ ਚਾਰ ਸਤਰਾਂ ਵਿੱਚ ਹੋ ਜਾਣਗੀਆਂ

ਦਾਤਣ ਕਰਦਾ-ਕਰਦਾ ਸਹਿਜ-ਸੁਭਾਅ ਹੀ ਘਰੋਂ ਬਾਹਰ ਹੋ ਤੁਰਿਆ ਬਾਹਰ ਆ ਕੇ ਜਾਵਾਂਗਾ ਕਿਧਰ? ਇਹ ਤਾਂ ਮੈਂ ਸੋਚਿਆ ਈ ਨਹੀਂ ਸੀ ਫਿਰ ਵੀ ਰਾਵੀ ਦੇ ਘਰ ਵੱਲ ਮੁੜ ਗਿਆ ਉਸ ਦੇ ਡੈਡੀ ਘਰ ਦੇ ਬਾਹਰ ਖੜ੍ਹੇ ਦਾਤਣ ਕਰ ਰਹੇ ਸਨ ਨਿਗਾਹ ਉਹਨਾਂ ਦੀ ਮੇਰੇ ਉੱਤੇ ਪੈ ਗਈ ਸੀ ਮੈਂ ਨੇੜੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ ਮੇਰਾ ਹਾਲ ਚਾਲ ਪੁਛਿਆ ਅਤੇ ਉਵੇਂ ਹੀ ਗੱਲਾਂ ਮਾਰਦੇ ਮਾਰਦੇ ਆਪਣੇ ਘਰ ਅੰਦਰ ਤੁਰ ਗਏ ਮਨ ਅੰਦਰ ਥੋੜ੍ਹੀ ਰੇਤ ਜਿਹੀ ਕਿਰ ਗਈ ਅਤੇ ਮੈਂ ਉਥੋਂ ਦੀ ਆਪਣੇ ਘਰ ਵਾਪਸ ਆ ਗਿਆ ਪਰ ਫਿਰ ਇੱਕ ਦਮ ਇਹ ਉਦਾਸੀ ਘਰ ਕਰ ਗਈ ਕਿ ਮੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਦੇ ਮਗਰ ਹੀ ਅੰਦਰ ਚਲੇ ਜਾਣਾ ਚਾਹੀਦਾ ਸੀ . . . ਹੋ ਸਕਦੈ, ਖੁਸ਼ੀ ਵਿੱਚ ਉਹ ਮੇਰੀ ਆਮਦ ਬਾਰੇ ਹੀ ਦੱਸਣ ਗਏ ਹੋਣ. . .ਨਹੀਂ ,ਉਹ ਮੈਨੂੰ ਨਾਲ ਲੈ ਕੇ ਤਾਂ ਵੀ ਜਾ ਸਕਦੇ ਸਨ ਇਹ ਕਿਹੜੀ ਗੱਲ ਹੈ ਬਈ ਉਹਨਾਂ ਨੂੰ ਹੁਣੇ ਹੀ ਪਤਾ ਲੱਗਿਆਂ ਹੋਵੇ ਇਉਂ ਤਾਂ ਕਦੀ ਵੀ ਨਹੀਂ ਹੋ ਸਕਦਾ

ਚਾਹ ਪੀ ਕੇ ਫੇਰ ਮੰਜੇ ਉੱਤੇ ਲੇਟ ਗਿਆ ਰਜਾਈ ਤਾਣ ਲਈ ਪਤਾ ਨਹੀਂ ਕਿੰਨੀ ਕੁ ਦੇਰ ਪਿਆ ਰਿਹਾ,ਪਰ ਜਦੋਂ ਉਠਿਆ ਤਾਂ ਬਾਹਰ ਚੁੱਲ੍ਹੇ ਉੱਤੇ ਸਿਰ ਨਹਾਉਣ ਲਈ ਰੱਖਿਆ ਪਾਣੀ ਉੱਬਲ ਉੱਬਲ ਕੇ ਕਮਲਾ ਹੋ ਰਿਹਾ ਸੀਬੱਸ ਉਸ ਵੇਲੇ ਜੇ ਕੁੱਝ ਆਪਣਿਆਂ ਵਰਗਾ ਲੱਗਿਆ ਤਾਂ ਉਹ ਤੱਤਾ ਪਾਣੀ ਸੀ ਜਿਸ ਨੂੰ ਮੈਂ ਥੋੜ੍ਹੀ ਦੇਰ ਬਾਦ ਆਪਣੇ ਸਿਰ ਤੋਂ ਵਾਰਨਾ ਸੀ

ਕੋਸੀ ਧੁੱਪ ਸੀ ਹਰ ਕਿਸੇ ਵਾਂਗ ਮੈਨੂੰ ਵੀ ਪਿਆਰੀ ਲੱਗੀਸਿਰਫ ਇਸੇ ਲਾਲਚ ਨਾਲ ਮਾਲਿਸ਼ ਕਰਨ ਲਈ ਕੋਠੇ ਉੱਪਰ ਚੜ੍ਹ ਗਿਆ ਕਿ ਰਾਵੀ ਨਜ਼ਰੀਂ ਪੈ ਜਾਵੇਗੀ ਪਰ ਉੱਪਰ ਚੜ੍ਹਦਿਆਂ ਹੀ ,ਇਹ ਖ਼ਿਆਲ ਪਤਾ ਨਹੀਂ ਕਿਉਂ ਦਿਮਾਗ ਵਿੱਚੋਂ ਉਹਲੇ ਹੋ ਗਿਆਆਪਣੀ ਇਹ ਸੋਚਣੀ ਵੀ ਫਜ਼ੂਲ ਜਿਹੀ ਲੱਗੀ ਨਹਾ ਕੇ, ਕੱਪੜੇ ਪਾ ਕੇ ਜਦੋਂ ਮੈਂ ਬਾਥਰੂਮ ਵਿੱਚੋਂ ਨਿਕਲਿਆ ਤਾਂ ਇਹ ਫੈਸਲਾ ਚੰਗੀ ਤਰਾਂ ਕਰ ਚੁਕਿਆ ਸੀ ਕਿ ਹੁਣ ਨਾਨੀ ਤੋਂ ਉਸ ਬਾਰੇ ਪੁੱਛ ਹੀ ਲੈਣੈ, ਜਿਸ ਉਪਰ ਮੈਂ ਆਪਣਾ ਬਹੁਤਾ ਹੀ ਅਧਿਕਾਰ ਸਮਝੀ ਬੈਠਾ ਸੀਅਧਿਕਾਰ ਸੀ ਵੀ ਮੇਰਾ ,ਬਚਪਨ ਦੇ ਸਾਥੀਆਂ ਉੱਤੇ ਕੀਹਦਾ ਅਧਿਕਾਰ ਨਹੀਂ ਹੁੰਦਾ ਨਾਨੀ ਰੋਟੀ ਲੈ ਕੇ ਮੇਰੇ ਕੋਲ ਆਈ ਅਤੇ ਮੈਨੂੰ ਫੜਾ ਕੇ ਮੇਰੇ ਸਾਹਮਣੇ ਹੀ ਬੈਠ ਗਈ ਇੱਕ ਦੋ ਬਾਰ ਮੈਂ ਨਾਨੀ ਦੇ ਚਿਹਰੇ ਵੱਲ ਵੇਖਿਆ,ਇੱਕ ਦੋ ਬਾਰ ਰੋਟੀ ਦੀ ਥਾਲੀ ਵੱਲ . . . . .

‘-ਹੈਂ ਬੇਬੇ,. . ਕਿਵੇਂ ਰਾਵੀ ਹੁਣ ਏਥੇ ਆਉਣੋਂ ਹਟਗੀ?’. . ਮੈਨੂੰ ਪਤਾ ਹੀ ਨਾਂ ਲੱਗਿਆ ਕਿ ਪਹਿਲੀ ਬੁਰਕੀ ਤੋੜਦੇ ਤੋਂ ਇਹ ਸ਼ਬਦ ਕਦੋਂ ਮੇਰਿਆਂ ਬੁੱਲ੍ਹਾਂ ਵਿੱਚੋਂ ਕਿਰ ਗਏ ਜੇ ਮੈਨੂੰ ਪਤਾ ਹੁੰਦਾ, ਤਾਂ ਮੈਂ ਸ਼ਾਇਦ ਉਸ ਵੇਲੇ ਹੀ ਨਾਨੀ ਦਾ ਚਿਹਰਾ ਭਾਪਣ ਲਈ ਨਾਨੀ ਵੱਲ ਤੱਕਦਾ

‘-ਆਉਂਦੀ ਕਿਉਂ ਨੀ ,ਆਉਂਦੀ ਹੁੰਦੀ ਐਨਾਨੀ ਦੇ ਬੋਲ ਮੈਨੂੰ ਸਪਸ਼ਟ ਸੁਣਾਈ ਦਿੱਤੇ ਪਰ ਇਹਨਾਂ ਬੋਲਾਂ ਦੀ ਰੌਅ ਕਿਹੋ ਜਿਹੀ ਸੀ ?ਇਹਨਾਂ ਨੂੰ ਬੋਲਣ ਵੇਲੇ ਨਾਨੀ ਦਾ ਭਾਵ ਕੀ ਸੀ ?ਇਹ ਬੋਲਣ ਵੇਲੇ ਨਾਨੀ ਦੀ ਨਿਗਾਹ ਕਿਧਰ ਸੀ ? ਇਹ ਬੋਲਣ ਵੇਲੇ ਨਾਨੀ ਦੀਆਂ ਉਂਗਲਾਂ ਅਤੇ ਮੱਥਾ ਕਿਸ ਹਰਕਤ ਵਿੱਚ ਸੀ ? ਇਹ ਸਾਰਾ ਕੁੱਝ ਮੈਂ ਰੱਤੀ-ਭਰ ਵੀ ਵੇਖ ਨਹੀਂ ਸਕਿਆਪਰ ਇਹ ਜੁਆਬ ਸੁਣ ਕੇ ਇਉਂ ਜ਼ਰੂਰ ਜਾਪਿਆ ਜਿਵੇਂ ਮੂੰਹ ਵਿੱਚ ਪਾਈ ਬੁਰਕੀ ਚਿੱਥੀ ਜਿਹੀ ਨਾਂ ਜਾ ਸਕੀ ਹੋਵੇ

‘-ਐਥੇ ਈ ਐ ,ਜਾ ਕਿਤੇ ਬਾਹਰ ਗਈ ਹੋਈ ਹੈ ?’ ਇਸ ਵੇਰ ਮੇਰੀਆਂ ਅੱਖਾਂ ਨਾਨੀ ਦੇ

ਚਿਹਰੇ ਉੱਤੇ ਸਨ ਅਤੇ ਉਗਲਾਂ ਥਾਲ਼ੀ ਵਿੱਚ ਘੁੰਮ ਰਹੀਆਂ ਸਨ

‘-ਐਥੇ ਈ ਐ,’ਨਾਨੀ ਦਾ ਭਾਵ ਸਹਿਜ ਸੀ ਅੱਖਾਂ ਵੀ ਮੇਰੀਆਂ ਅੱਖਾਂ ਵਿੱਚ ਹੀ ਸਨ ਫਿਰ ਭਲਾ ਮੈਂ ਕੀ ਸਮਝਾਂ?

‘-ਫੇਰ ਆਈ ਕਿਉਂ ਨ੍ਹੀ ?’ ਮੇਰੀ ਅਵਾਜ਼ ਵਿੱਚ ਤੀਬਰਤਾ,ਮੋਹ,ਮਾਯੂਸੀ ਅਤੇ ਰੁਖਾਈ ਵੀ ਸੀ ਤੇ ਕਿਸੇ ਹੱਦ ਤੱਕ ਬਹੁਤ ਹੀ ਜਿਆਦਾ ਅਪਣੱਤਸ਼ਬਦ ਬੋਲਣ ਤੋਂ ਬਾਅਦ ਇਹ ਸਾਰਾ ਕੁੱਝ ਮੈਂ ਆਪ ਹੀ ਸਮਝ ਗਿਆ

‘………’,ਨਾਨੀ ਕੁੱਝ ਨਹੀਂ ਬੋਲੀ ਸਗੋਂ ਬਾਹਰਲੇ ਬੂਹੇ ਵੱਲ ਏਦਾਂ ਤੱਕਣ ਲੱਗ ਪਈ ਜਿਵੇਂ ਕੋਈ ਅਜਨਬੀ ਅੰਦਰ ਆ ਰਿਹਾ ਹੋਵੇ

ਮੈਨੂੰ ਇਉਂ ਲੱਗਿਆ ,ਜਿਵੇਂ ਨਾਨੀ ਨੂੰ ਮੇਰੀ ਗੱਲ ਸੁਣੀ ਹੀ ਨਾ ਹੋਵੇ ਜਾਂ ਕਿਤੇ ਸੁਣ ਕੇ ਉਹ ਅਣਗੌਲੀ ਹੀ ਨਾ ਕਰ ਰਹੀ ਹੋਵੇ. . . ਪਰ ਨਹੀਂ ,ਉਸ ਵਿੱਚ ਏਦਾਂ ਦਾ ਵਲ ਫੇਰ ਕੋਈ ਨਹੀਂ ਸੀ

ਬੈਠੀ-ਬੈਠੀ ਨੇ ਉਸ ਨੇ ਮੇਰੇ ਵੱਲ ਦੇਖਿਆਂ ਜਾਂ ਨਹੀ ,ਪਰ ਜਦੋਂ ਮੁੜ ਕੇ ਵਾਪਸ ਆਈ ਤਾਂ ਉਸਦੇ ਹੱਥਾਂ ਵਿੱਚ ਦੋ ਰੋਟੀਆਂ ਸਨ ਮੈਥੋਂ ਬਿਨਾ ਪੁੱਛੇ ਹੀ ਉਸਨੇ ਮੇਰੀ ਥਾਲੀ ਵਿੱਚ ਰੱਖੀਆਂ ਅਤੇ ਮੇਰੇ ਸਾਹਮਣੇ ਬੈਠ ਗਈ

‘-ਉਸ ਦੀ ਪੜ੍ਹਾਈ ਵਧੀਆ ਚਲਦੀ ਐ ਬੇਬੇ ਹੁਣ ?’ ਮੈਂ ਫਿਰ ਆਪਣੇ ਵੱਲੋਂ ਛੋਹੀ ਗੱਲ ਨੂੰ ਸਿਰੇ ਲਾਉਣਾ ਚਾਹੁੰਦਾ ਸੀ

‘-ਹੁਣ ਤਾਂ ਕਈ ਦਿਨਾਂ ਦੀ ਜਾਣੀਂਦੀ ਪੜ੍ਹਨ ਜਾਣੋਂ ਜਾਣੋ ਹਟਗੀ ,’ ਇਸ ਵੇਰ ਇਉਂ ਮਹਿਸੂਸ ਹੋਇਆ ,ਜਿਵੇਂ ਨਾਨੀ ਦੇ ਬੋਲਾਂ ਵਿੱਚ ਬੇਵਸੀ ਘੁਲ਼ੀ ਹੋਵੇ

‘-ਕਿਉਂ ਬੱਸ ਥੱਕਗੀ ?’ ਮੇਰੇ ਬੋਲਾਂ ਵਿੱਚ ਵੀ ਉਦਾਸੀ ਸੀ

‘-ਥੱਕੀ ਕਾਹਨੂੰ ,ਥਕਾਤੀ ਪੁੱਤ ਨਾਨੀ ਦੇ ਅੰਦਰੋਂ ਹਉਕਾ ਨਿਕਲਿਆ

‘-ਕੀ . . . . . ‘ . . . ਲੱਗਿਆ ਜਿਵੇਂ ਮੂੰਹ ਦੀ ਬੁਰਕੀ ਫੁੱਲੀ ਤਾਂ ਨਹੀਂ ਸੀ,ਪਰ . . . ਛੇਤੀ ਹੀ ਫੁੱਲਣ ਲੱਗ ਪਏਗੀ

‘-ਆਉਂਦੇ ਐਤਵਾਰ ਨੂੰ ਉਹਦਾ ਵਿਆਹ ਐ. . . ਪੂਰੇ ਸੱਤ ਦਿਨ ਨੇ।

ਪਿਛਲੀ ਗੱਲ ਮੈਨੂੰ ਸੁਣੀ ਨਹੀਂ ਲੱਗਿਆ ਜਿਵੇਂ ਮੇਰੇ ਪੈਰਾਂ ਹੇਠੋਂ ਸਹਾਰਾ ਖਿੱਚ ਲਿਆ ਗਿਆ ਹੋਵੇ।. . . ਮੈਨੂੰ ਹੱਥੂ ਆ ਗਿਆ ਅਤੇ ਮੂੰਹ ਵਿਚਲੀ ਬੁਰਕੀ ਥਾਲ਼ੀ ਵਿੱਚ ਡਿੱਗ ਪਈ।. . .ਮੈਨੂੰ ਆਪਣਾ ਅੰਬਰ ਛਲਣੀ ਛਲਣੀ ਜਾਪਿਆ

ਮੇਰੀ ਆਪਣੀ ਰੂਹ. . ਮੇਰੀ ਹਿੱਕ ਅੰਦਰ ਤੜਫ਼ ਰਹੀ ਸੀ

ਕੰਧਾਂ ਤੋਂ ਪਰਛਾਵੇਂ ਉਤਰਦੇ ਨਿੱਤ ਤੱਕਦਾ ਸਾਂ ਆਪਣੇ ਜਿਸਮ ਤੋਂ ਸੱਪ ਉਤਰਦੇ ਮੈਂ ਪਹਿਲੀ ਵਾਰ ਤੱਕੇ